ਕੋਵਿੰਦ ਵੱਲੋਂ ਚੈੱਕ ਗਣਰਾਜ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ

ਪੈਰਾਗੁਏ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਚੈੱਕ ਗਣਰਾਜ ਦੀਆਂ ਰੱਖਿਆ ਸਮੱਗਰੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਾਰਤ ਵਿੱਚ ਉਤਪਾਦਨ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ ਰਲ ਕੇ ਭਾਰਤ ਵਿੱਚ ਆਪਣੇ ਲਈ ਰੱਖਿਆ ਸਮੱਗਰੀ ਦਾ ਨਿਰਮਾਣ ਕਰਨ ਅਤੇ ਬਾਕੀ ਦੀ ਰੱਖਿਆ ਸਮੱਗਰੀ ਸੰਸਾਰ ਭਰ ਵਿੱਚ ਵੇਚਣ। ਰਾਸ਼ਟਰਪਤੀ ਕੋਵਿੰਦ ਚੈੱਕ ਗਣਰਾਜ ਵਿੱਚ ਆਪਣੇ ਹਮਰੁਤਬਾ ਮੀਲੋਸ ਜ਼ੇਮਨ ਨਾਲ ਗੱਲਬਾਤ ਕਰਨ ਪਿੱਛੋਂ ਰੱਖਿਆ ਸਮੱਗਰੀ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨਾਲ ਗੱਲਬਾਤ ਕਰ ਰਹੇ ਸਨ। ਦੋਵਾਂ ਦੇਸ਼ਾਂ ਨੇ ਪੰਜ ਦੁਵੱਲੇ ਸਮਝੌਤਿਆਂ ’ਤੇ ਦਸਤਖ਼ਤ ਵੀ ਕੀਤੇ ਜਿਨ੍ਹਾਂ ਵਿੱਚ ਸਾਇੰਸ ਅਤੇ ਇੰਡਸਟਰੀ ਰਿਸਰਚ, ਭਾਰਤ ਅਤੇ ਚੈੱਕ ਗਣਰਾਜ ਦੀ ਸਾਇੰਸ ਅਕੈਡਮੀਆਂ ਵਿਚਾਲੇ ਸਮਝੌਤਾ; ਦੋਵਾਂ ਦੇਸ਼ਾਂ ਦੇ ਸਾਇੰਸ ਅਤੇ ਟੈਕਨਾਲੋਜੀ ਪ੍ਰਾਜੈਕਟਾਂ ਵਿੱਚ ਇਕ ਦੂਜੇ ਨੂੰ ਸਹਿਯੋਗ, ਡਿਪਲੋਮੈਟਿਕ ਪਾਸਪੋਰਟ ਧਾਰਕਾਂ ਦੀਆਂ ਵੀਜ਼ਾ ਸ਼ਰਤਾਂ ਹਟਾਉਣ ਅਤੇ ਲੇਜ਼ਰ ਟੈਕਨਾਲੋਜੀ ਦੇ ਖੇਤਰ ਵਿੱਚ ਈਐਲਆਈ ਬੀਮਲਾਈਨਜ਼ ਅਤੇ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਵਿਚਾਲੇ ਸਮਝੌਤੇ ਦੇ ਮੁੱਦੇ ਸ਼ਾਮਲ ਹਨ। ਰਾਸ਼ਟਰਪਤੀ ਕੋਵਿੰਦ ਯੂਰੋਪ ਦੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿੱਚ ਇਥੇ ਆਏ ਸਨ। ਉਨ੍ਹਾਂ ਕਿਹਾ ਕਿ ਚੈੱਕ ਗਣਰਾਜ ਦੀ ਸਕੌਡਾ ਆਟੋ ਅਤੇ ਇਸ ਦੀ ਪਿਤਰੀ ਕੰਪਨੀ ਵੌਕਸਵੈਗਨ ਨੇ ਭਾਰਤ ਦੀ ‘ਮੇਕ ਇਨ ਇੰਡੀਆ’ ਮੁਹਿੰਮ ਤਹਿਤ ਭਾਰਤ ਵਿੱਚ ਇਕ ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬੂਟਾਂ ਦਾ ਮਸ਼ਹੂਰ ਬਰਾਂਡ ਬਾਟਾ ਜਿਸ ਨੂੰ ਦੇਖ ਦੇ ਸਾਰੇ ਭਾਰਤੀ ਵੱਡੇ ਹੋਏ ਹਨ, ਦਾ ਇਸ ਦੇਸ਼ ਨਾਲ ਦਿਲਚਸਪ ਨਾਤਾ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਇਹ ਭਾਰਤ ਦਾ ਬਰਾਂਡ ਹੈ, ਜਦੋਂ ਕਿ ਇਸ ਦੀਆਂ ਜੜ੍ਹਾਂ ਚੈੱਕ ਗਣਰਾਜ ਵਿੱਚ ਹਨ। ਬਾਟਾ ਕੰਪਨੀ ਦੇ ਸੰਸਥਾਪਕ ਥੋਮਸ ਬਾਟਾ ਦਾ ਕਸਬਾ ਪੈਰਾਗੁਏ ਤੋਂ ਬਹੁਤਾ ਦੂਰ ਨਹੀਂ ਹੈ।