ਖਹਿਰਾ ਨੇ ਕਿਹਾ ਕਿ ਹੁਣ ਕੈਪਟਨ ਨੂੰ ਪ੍ਰਧਾਨ ਮੰਤਰੀ ਦੇ ਘਰ ਬਾਹਰ ਪੰਜਾਬ ਲਈ ਧਰਨਾ ਦੇਣਾ ਚਾਹੀਦਾ ਹੈ

ਜਲੰਧਰ: ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪਹਾੜੀ ਸੂਬਿਆਂ ਨੂੰ ਟੈਕਸ ਛੋਟ ਨਾਲ ਪੰਜਾਬ ਦੇ ਵਪਾਰ ਤੇ ਇੰਡਸਟਰੀ ਦਾ ਘਾਣ ਹੋ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਟੈਕਸ ਵਿੱਚ 10 ਸਾਲ ਦੀ ਛੋਟ ਦੇਣ ਦੇ ਮਾਮਲੇ ਕਿਹਾ ਹੈ ਕਿ ਇਸ ਨਾਲ ਪੰਜਾਬ ਨੂੰ ਹੋਰ ਨੁਕਸਾਨ ਹੋਵੇਗਾ। ਖਹਿਰਾ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਮੰਤਰੀ ਦੇ ਘਰ ਬਾਹਰ ਪੰਜਾਬ ਲਈ ਧਰਨਾ ਦੇਣਾ ਚਾਹੀਦਾ ਹੈ।

ਖਹਿਰਾ ਨੇ ਕਿਹਾ ਕਿ ਪਹਾੜੀ ਸੂਬਿਆਂ ਨੂੰ ਛੋਟ ਦੇਣ ਕਰਕੇ ਪਹਿਲਾਂ ਹੀ ਪੰਜਾਬ ਦੇ ਵਪਾਰ ਤੇ ਇੰਡਸਟਰੀ ਦਾ ਪਹਿਲਾਂ ਹੀ ਘਾਣ ਹੋ ਚੁੱਕਿਆ ਹੈ। ਇਹ ਛੋਟ ਵਾਜਪਾਈ ਦੀ ਸਰਕਾਰ ਨੇ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ 10 ਸਾਲ ਮਨਮੋਹਨ ਸਿੰਘ ਨੇ ਇਸ ਨੂੰ ਜਾਰੀ ਰੱਖਿਆ। ਹੁਣ ਮੋਦੀ ਸਰਕਾਰ ਨੇ 10 ਸਾਲ ਹੋਰ ਵਧਾ ਦਿੱਤੇ ਹਨ। ਇਸ ਨਾਲ ਪੰਜਾਬ ਦਾ ਵਪਾਰੀ ਦੂਜੇ ਸੂਬਿਆਂ ਦੇ ਵਪਾਰੀਆਂ ਨਾਲ ਕੰਪੀਟ ਹੀ ਨਹੀਂ ਕਰ ਸਕੇਗਾ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪ ਮੰਨਿਆ ਸੀ ਕਿ ਪੰਜਾਬ ‘ਚ 30 ਹਜ਼ਾਰ ਉਦਯੋਗ ਬੰਦ ਹੋ ਚੁੱਕੇ ਹਨ। ਹੁਣ ਕੈਪਟਨ ਕੀ ਕਰਨਗੇ। ਇਸ ਨਾਲ ਤਾਂ ਨੁਕਸਾਨ ਹੋਰ ਵਧੇਗਾ। ਕੈਪਟਨ ਨੂੰ ਪ੍ਰਧਾਨ ਮੰਤਰੀ ਦੇ ਘਰ ਬਾਹਰ ਧਰਨਾ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਮਸਲੇ ਨੂੰ ਪੂਰੇ ਜ਼ੋਰ ਨਾਲ ਚੁੱਕੇਗੀ।

ਸੁਖਪਾਲ ਖਹਿਰਾ ਨੇ ਕਿਹਾ ਮੋਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੈ। ਮੋਦੀ ਸਰਕਾਰ ਵੱਲੋਂ ਪਹਾੜੀ ਸੂਬਿਆਂ ਦੀ 4500 ਉਦਯੋਗਿਕ ਇਕਾਈਆਂ ਨੂੰ 27 ਹਜ਼ਾਰ 400 ਕਰੋੜ ਦੀ ਸਬਸਿਡੀ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਰੋਜ਼ ਮੋਦੀ ਕੋਲ ਗੁਲਦਸਤੇ ਲੈ ਕੇ ਤੁਰੇ ਰਹਿੰਦੇ ਹਨ, ਉਨ੍ਹਾਂ ਨੇ ਪੈਕੇਜ ਤਾਂ ਕੀ ਦੇਣਾ ਇੱਕ ਹੋਰ ਜ਼ਿਆਦਤੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਮੋਦੀ 12 ਵੱਡੇ ਘਰਾਣਿਆਂ ਦੇ ਦੋ ਲੱਖ ਕਰੋੜ ਰੁਪਏ ਤਾਂ ਮੁਆਫ ਕਰ ਸਕਦੇ ਹਨ ਪਰ ਪੰਜਾਬ ਦੇ ਕਿਸਾਨਾਂ ਦਾ ਇੱਕ ਲੱਖ ਕਰੋੜ ਵੀ ਮੁਆਫ ਨਹੀਂ ਕਰ ਸਕਦੇ।

Be the first to comment

Leave a Reply