ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ 15 ਰੋਜ਼ਾ ਸਮਰ ਕੋਚਿੰਗ ਕੈਪ ਦੀ ਸ਼ੁਰੂਆਤ

ਫ਼ਿਰੋਜ਼ਪੁਰ – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵੱਖ ਵੱਖ ਖੇਡਾਂ ਦੇ 200 ਖਿਡਾਰੀ/ਖਿਡਾਰਨਾਂ ਦਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ 15 ਰੋਜ਼ਾ ਸਮਰ ਕੋਚਿੰਗ ਕੈਂਪ ਸ਼ੁਰੂ ਕੀਤਾ ਗਿਆ। ਇਹ ਜਾਣਕਾਰੀ ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ ਨੇ ਦਿੰਦਿਆਂਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਤੀ ਜ਼ਿਲ੍ਹਾ 200 ਖਿਡਾਰੀ/ਖਿਡਾਰਨਾਂ ਦਾ 15 ਦਿਨ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਲ ਸਮਰ ਕੋਚਿੰਗ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਿਸ ਤਹਿਤ ਅੱਜ ਇਹ ਸਮਰ ਕੋਚਿੰਗ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਕੈਂਪ ਵਿੱਚ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਵਿਭਾਗ ਵੱਲੋਂ ਨਿਰਧਾਰਿਤ ਮੀਨੂੰ ਅਨੁਸਾਰ ਡਾਈਟ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਸ਼ਾਮਿਲ ਕੀਤੇ ਗਏ ਖਿਡਾਰੀਆਂ ਵਿੱਚ ਐਥਲੈਟਿਕਸ ਦੇ 30, ਕਬੱਡੀ ਦੇ 20, ਕੁਸ਼ਤੀ ਦੇ 20, ਬਾਸਕਿਟਬਾਲ ਦੇ 24, ਬਾਕਸਿੰਗ ਦੇ 10, ਹੈਂਡਬਾਲ ਦੇ 24, ਹਾਕੀ ਦੇ 33, ਤੈਰਾਕੀ ਦੇ 15 ਤੇ ਵਾਲੀਬਾਲ ਦੇ 24 ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ 30 ਜੂਨ 2018 ਤੱਕ ਜਾਰੀ ਰਹੇਗਾ।