ਖੇਤੀਬਾੜੀ, ਉਤਪਾਦਨ, ਬੁਨਿਆਦੀ ਢਾਂਚਾ ਵਾਸਤੇ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ

ਚੰਡੀਗੜ੍ਹ – ਉੱਤਰ ਭਾਰਤੀ ਸੂਬੇ ਵਿੱਚ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ ਜਪਾਨ ਅਤੇ ਪੰਜਾਬ ਨੇ ਅੱਜ ਖੇਤੀਬਾੜੀ, ਉਤਪਾਦਨ, ਬੁਨਿਆਦੀ ਢਾਂਚਾ ਅਤੇ ਕਮਰਸ ਦੇ ਖੇਤਰਾਂ ਵਿੱਚ ਆਪਸੀ ਉਦਮਾਂ ਵਾਸਤੇ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਹ ਵਿਚਾਰ ਵਟਾਂਦਰਾ ਇੱਕ ਰਸਮੀ ਰਾਤ ਦੇ ਭੋਜਨ ਦੌਰਾਨ ਹੋਇਆ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਦਿੱਤਾ ਗਿਆ ਸੀ। ਭਾਰਤ ਵਿੱਚ ਜਪਾਨ ਦੇ ਰਾਜਦੂਤ ਹੀਰਾਮਤਸੂ-ਸਾਨ ਦੀ ਅਗਵਾਈ ਵਿੱਚ ਇਹ ਉੱਚ ਪੱਧਰੀ ਜਪਾਨੀ ਬਿਜ਼ਨਸ ਅਤੇ ਉਦਯੋਗ ਦੇ ਵਫਦ ਇੱਥੇ ਆਇਆ ਸੀ।
ਵਫਦ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਤਪਾਦਨ, ਬੁਨਿਆਦੀ ਢਾਂਚੇ, ਕਮਰਸ ਆਦਿ ਦੇ ਖੇਤਰਾਂ ਵਿੱਚ ਵਿਕਾਸ ਦੇ ਵੱਡੀ ਪੱਧਰ ‘ਤੇ ਪ੍ਰੋਜੈਕਟਾਂ ਲਈ ਉਹ ਜਪਾਨ ਦੇ ਨਾਲ ਸਹਿਯੋਗ ਕਰਨ ਦੀ ਇੱਛਾ ਰੱਖਦੇ ਹਨ।
ਜਪਾਨ ਅਤੇ ਪੰਜਾਬ ਵਿੱਚ ਇਕੱਠੇ ਵਪਾਰ ਕਰਨ ਦੀ ਵੱਡੀ ਸਮਰੱਥਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਵਪਾਰ ਨੂੰ ਸੁਖਾਲਾ ਬਣਾਉਣ ਵਾਸਤੇ ਜਪਾਨੀ ਵਫਦ ਨੂੰ ਹਰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਪਾਨ ਪੰਜਾਬ ਦੇ ਵਿਕਾਸ ਦਾ ਹਿੱਸੇਦਾਰ ਬਣੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਜਪਾਨ ਦੀ ਕੰਪਨੀ ਦੇ ਸਹਿਯੋਗ ਨਾਲ ਸੋਨਾਲੀਕਾ ਟ੍ਰੈਕਟਰ ਵਲੋਂ ਤਿਆਰ ਕੀਤੀਆਂ ਨਵੀਆਂ ਅਤਿ ਆਧੁਨਿਕ ਸਹੂਲਤਾਂ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਜਪਾਨ ਤੋਂ ਪੰਜਾਬ ਨੂੰ ਪ੍ਰਾਪਤ ਹੋਣ ਵਾਲੀਆਂ ਕਦਰਾਂ ‘ਤੇ ਵਿਸ਼ੇਸ਼ ਬਲ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਪਲਾਂਟ ਸੂਬੇ ਦੇ ਵਿਕਾਸ ਅਤੇ ਪ੍ਰਗਤੀ ਨੂੰ ਯੋਗ ਬਣਾਉਣ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪਲਾਂਟ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਜਿਸਦਾ ਅੱਜ ਹੁਸ਼ਿਆਰਪੁਰ ਵਿਖੇ ਉਦਘਾਟਨ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਜਪਾਨ ਦੇ ਵਫਦ ਨੂੰ ਦੱਸਿਆ ਕਿ ਸੂਬੇ ਵਿੱਚ ਸਰਕਾਰ ਦੇ ਬਦਲਣ ਤੋਂ ਬਾਅਦ ਉਦਯੋਗ ਵਲੋਂ ਪੰਜਾਬ ਵਿੱਚ ਨਿਵੇਸ਼ ਲਈ ਵੱਡੀ ਦਿਲਚਸਪੀ ਦਿਖਾਈ ਜਾ ਰਹੀ ਹੈ। ਪੰਜਾਬੀ ਕਾਮਿਆਂ ਵਲੋਂ ਵਧੀਆ ਨਤੀਜੇ ਦੇਣ ਕਾਰਨ ਉਦਯੋਗ ਵਲੋਂ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਬਹੁਤਿਆਂ ਨੇ ਦੁਨਿਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਸਥਾਪਿਤ ਹੋ ਕੇ ਐਨ.ਆਰ.ਆਈ ਵਜੋਂ ਆਪਣਾ ਪ੍ਰਭਾਵੀ ਨਾਮ ਬਣਾਇਆ ਹੈ।

Be the first to comment

Leave a Reply