‘ਗਊ ਮਾਤਾ ਦੀ ਜੈ’ ਬੋਲਣ ਨਾਲ ਗਊ ਦੀ ਰਖਿਆ ਨਹੀਂ ਹੋਵੇਗੀ: ਯੋਗੀ

ਗੋਰਖਪੁਰ – ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਅੱਜ ਕਿਹਾ ਕਿ ਸਿਰਫ਼ ”ਗਊ ਮਾਤਾ ਦੀ ਜੈ” ਬੋਲਣ ਨਾਲ ਗਊ ਦੀ ਸੁਰੱਖਿਆ ਨਹੀਂ ਹੋਵੇਗੀ ਬਲਕਿ ਇਸ ਲਈ ਈਮਾਨਦਾਰੀ ਨਾਲ ਅਪਣੇ ਪੱਧਰ ‘ਤੇ ਵੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।  ਯੋਗੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਦੇ ਸਵਾਗਤੀ ਸਮਾਰੋਹ ਵਿਚ ਕਾਰਕੁਨਾਂ ਨੂੰ ਕਿਹਾ ਕਿ ਗਊ ਮਾਤਾ ਦੀ ਜੈ ਬੋਲਣ ਨਾਲ ਗਊ ਦੀ ਸੁਰੱਖਿਆ ਨਹੀਂ ਹੋ ਸਕੇਗੀ। ਜੈ ਬੋਲੋ ਪਰ ਈਮਾਨਦਾਰੀ ਨਾਲ ਅਪਣੇ ਪੱਧਰ ‘ਤੇ ਵੀ ਕੋਸ਼ਿਸ਼ ਕੀਤੀ ਜਾਵੇ, ਉਦੋਂ ਹੀ ਗਊ ਮਾਤਾ ਬੱਚ ਸਕੇਗੀ।  ਉਨ੍ਹਾਂ ਗਊ ਵੰਸ਼ ਦੀ ਸੁਰੱਖਿਆ ਸਬੰਧੀ ਅਪਣੀ ਸਰਕਾਰ ਦੀ ਪ੍ਰਤੀਬਧਤਾ ਨੂੰ ਦੋਹਰਾਉਂਦਿਆਂ ਕਿਹਾ ਕਿ ਗਊ ਹਤਿਆ ਅਤੇ ਗਊ ਤਸਕਰੀ ਉਤੇ ਰੋਕ ਲਗਾਈ ਗਈ ਹੈ ਅਤੇ ਉਸ ਵਿਰੁਧ ਕੰਮ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੋਗੀ ਨੇ ਪ੍ਰੋਗਰਾਮ ਵਿਚ ਮੌਜੂਦ ਕਾਰਕੁਨਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਅਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸਾਨੂੰ ਜਾਗਰੂਕ ਹੋਣਾ ਪਵੇਗਾ। ਸਾਨੂੰ ਅਪਣੇ ਵਿਚਲੀਆਂ ਕੁਰੀਤੀਆਂ ਨੂੰ ਵੀ ਦੂਰ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਰ ਜਾਤੀ ਦੇ ਮਹਾਂ ਪੁਰਸ਼ਾਂ ਨੂੰ ਜਾਤ ਦੇ ਅਧਾਰ ‘ਤੇ ਵੰਡ ਦਿਤਾ ਹੈ। ਇਹ ਵੱਡਾ ਪਾਪ ਹੈ। ਉਨ੍ਹਾਂ ਕਿਹਾ ਕਿ ਵੰਦ ਮਾਤਰਮ ਨੇ ਅਜ਼ਾਦੀ ਪ੍ਰਤੀ ਨਵੀਂ ਜਾਨ ਪਾਈ ਹੈ ਪਰ ਅੱਜ ਇਸ ਨੂੰ ਵੀ ਧਰਮ ਨਾਲ ਜੋੜ ਦਿਤਾ ਗਿਆ ਹੈ।

Be the first to comment

Leave a Reply