ਗਹਿਰੀ ਕਾਂਡ ਵਿੱਚ ਮਾਰੀ ਗਈ ਲੜਕੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਦਾ ਮਾਮਲਾ

ਫਿਰੋਜ਼ਪੁਰ – ਪਿੰਡ ਫ਼ਤਿਹਗੜ੍ਹ ਗਹਿਰੀ ਵਿਖੇ 6 ਦਿਨ ਪਹਿਲਾਂ ਜ਼ਮੀਨੀ ਵਿਵਾਦ ਵਿੱਚ ਗੋਲ਼ੀ ਦਾ ਸ਼ਿਕਾਰ ਹੋ ਕੇ ਮਾਰੀ ਗਈ 22 ਸਾਲਾ ਵਿਦਿਆਰਥਣ ਲਕਸ਼ਮੀ ਦੇਵੀ ਦਾ ਅੰਤਿਮ ਸੰਸਕਾਰ ਅੱਜ ਵੀ ਨਹੀਂ ਹੋ ਸਕਿਆ । ਕਤਲ ਕਾਂਡ ਵਿੱਚ ਸ਼ਾਮਲ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਵੀ ਥਾਣੇ ਦੇ ਸਾਹਮਣੇ ਮਾਰੀ ਗਈ ਲੜਕੀ ਦੀ ਮ੍ਰਿਤਕ ਦੇਹ ਨੂੰ ਚੌਰਾਹੇ ਵਿੱਚ ਰੱਖ ਕੇ ਧਰਨਾ ਜਾਰੀ ਹੈ । ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਗੁਰੂ ਹਰਸਹਾਏ ਸ. ਵਰਦੇਵ ਸਿੰਘ ਮਾਨ ਨੇ ਕਿਹਾ ਕਿ ਇਹ ਜੇਕਰ ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਇਹ ਭਾਣਾ ਨਹੀਂ ਸੀ ਵਾਪਰਨਾ । ਉਨ੍ਹਾਂ ਦੱਸਿਆ ਕੇ ਪੁਲਿਸ ਸਿਆਸੀ ਦਬਾਅ ਕਾਰਨ ਪਹਿਲਾਂ ਵੀ ਗਲਤ ਲੋਕਾਂ ਦੀ ਮਦਦ ਕਰਦੀ ਰਹੀ ਅਤੇ ਹੁਣ ਵੀ ਉਹ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਹਨਾਂ ਨੂੰ ਭਜਾਉਣ ਵਿੱਚ ਸਹਾਈ ਹੋ ਰਹੀ ਹੈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਵਤਾਰ ਸਿੰਘ ਮਿੰਨਾ ਨੇ ਕਿਹਾ ਕਿ ਕਿੱਡੀ ਦੁਖਦਾਈ ਗੱਲ ਹੈ ਕਿ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਿਆਸੀ ਲੋਕਾਂ ਦੇ ਦਖਲ ਨਾਲ ਉਨ੍ਹਾਂ ਨੂੰ ਛੱਡ ਦਿੱਤਾ ਗਿਆ । ਸਾਬਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਪ੍ਰਦਰਸ਼ਨ ਉਪਰ ਜੇਕਰ ਇਸ ਪ੍ਰਸ਼ਾਸਨ ਮੰਗਾਂ ਪ੍ਰਵਾਨ ਨਹੀਂ ਕਰਦਾ ਤਾਂ ਫਿਰ ਸਾਨੂੰ ਸੰਘਰਸ਼ ਦਾ ਤਰੀਕਾ ਹੋਰ ਰੰਗ ਵਿੱਚ ਬਦਲਨਾ ਪਾਵੇਗਾ । ਕਾਮਰੇਡ ਹਰੀ ਚੰਦ ਨੇ ਬੋਲਦਿਆਂ ਆਖਿਆ ਕਿ ਇਸ ਬੱਚੀ ਦੀ ਕੁਰਬਾਨੀ ਨੇ ਪੁਲਸ , ਗੁੰਡਾ ਅਨਸਰਾਂ ਅਤੇ ਰਾਜਸੀ ਲੋਕਾਂ ਦੇ ਗੱਠਜੋੜ ਦਾ ਪਰਦਾ ਫਾਸ਼ ਕਰ ਦਿੱਤਾ ਹੈ । ਇਸ ਮੌਕੇ ਸਟੂਡੈਂਟਸ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਹਰਦੀਪ ਕੌਰ ਕੋਟਲਾ ਨੇ ਐਲਾਨ ਕੀਤਾ ਕਿ ਉਹ ਤਦ ਤੱਕ ਸੰਘਰਸ਼ ਵਿੱਚ ਡਟੇ ਰਹਿਣਗੇ ਜਦ ਤੱਕ ਮਾਰੀ ਗਈ ਵਿਦਿਆਰਥਣ ਲੱਛਮੀ ਦੀ ਮੌਤ ਦੇ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ।