ਗਾਜ਼ਾ ਸਰਹੱਦ ਉੱਤੇ ਮਰਨ ਵਾਲੇ ਫ਼ਲਸਤੀਨੀਆਂ ਦੀ ਗਿਣਤੀ 55 ਹੋਈ

ਗਾਜ਼ਾ – ਗਾਜ਼ਾ ਸਰਹੱਦ ਦੇ ਨਾਲ ਫਲਸਤੀਨ ਦੇ ਹਜ਼ਾਰਾਂ ਲੋਕਾਂ ਵੱਲੋਂ ਕੀਤੇ ਮੁਜ਼ਾਹਰੇ ਉੱਤੇ ਇਜ਼ਰਾਈਲੀ ਸੈਨਿਕਾਂ ਵੱਲੋਂ ਚਲਾਈ ਗੋਲੀ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ ਹੈ। ਇਸ ਦੌਰਾਨ ਸਰਹੱਦ ਉੱਤੇ ਅੱਥਰੂ ਗੈਸ ਛੱਡਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਰੀਬ 1200 ਮੁਜ਼ਾਹਰਾਕਾਰੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਹ ਮੁਜ਼ਾਹਰਾ ਯੇਰੂਸ਼ਲਮ ਵਿੱਚ ਵਿੱਚ ਅਮਰੀਕੀ ਦੂਤਘਰ ਖੋਲ੍ਹਣ ਦੇ ਵਿਰੋਧ ਵਿੱਚ ਸੀ ਅਤੇ ਦੂਜੇ ਪਾਸੇ ਯੇਰੂਸ਼ਲਮ ਵਿੱਚ ਦੂਤਘਰ ਖੋਲ੍ਹਣ ਦੇ ਜਸ਼ਨ ਮਨਾਏ ਜਾ ਰਹੇ ਸਨ। 2014 ਦੀ ਜੰਗ ਤੋਂ ਬਾਅਦ ਸੋਮਵਾਰ ਦਾ ਦਿਨ ਸਰਹੱਦ ਪਾਰ ਹਿੰਸਾ ਦੇ ਦੌਰ ਦਾ ਸਭ ਤੋਂ ਕਾਲਾ ਦਿਨ ਸਿੱਧ ਹੋਇਆ ਹੈ। ਇਸ ਦੇ ਨਾਲ ਹੀ ਇਜ਼ਰਾਇਲੀ ਸੈਨਾ ਦੀ ਨਿਹੱਥੇ ਲੋਕਾਂ ਉੱਤੇ ਲੋੜ ਤੋਂ ਵੱਧ ਤਾਕਤ ਵਰਤਣ ਕਾਰਨ ਅੰਤਰਰਾਸ਼ਟਰੀ ਪੱਧਰ ਉੱਤੇ ਆਲੋਚਨਾ ਵੀ ਹੋ ਰਹੀ ਹੈ। ਦੂਜੇ ਪਾਸੇ ਇਜ਼ਰਾਇਲੀ ਸੈਨਾ ਦਾ ਕਹਿਣਾ ਹੈ ਕਿ ਫਲਸਤੀਨ ਵਿੱਚ ਸੱਤਾਧਾਰੀ ਹਮਸ ਨੇ ਲੋਕਾਂ ਦੀ ਆੜ ਵਿੱਚ ਬੰਬਾਂ ਅਤੇ ਫਾਇਰਿੰਗ ਰਾਹੀਂ ਹਮਲਾ ਕੀਤਾ ਹੈ। ਅਮਰੀਕੀ ਸਫਾਰਤਖਾਨੇ ਦੀ ਨਵੀਂ ਬਣਾਈ ਇਮਾਰਤ ਸਰਹੱਦ ਤੋਂ ਸਿਰਫ 50 ਮੀਲ ਦੂਰ ਹੈ। ਇਸ ਘਟਨਾ ਮੌਕੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਅਮਰੀਕੀ ਅਧਿਕਾਰੀ ਸਮਾਰੋਹ ਵਿੱਚ ਸ਼ਾਮਲ ਸਨ। ਇਸ ਤੋਂ ਪਹਿਲਾਂ ਇਸ ਦਿਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਲਈ ‘ਮਹਾਨ ਦਿਨ’ ਕਰਾਰ ਦਿੱਤਾ ਸੀ। ਉਨ੍ਹਾਂ ਯੇਰੂੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦਾ ਦਰਜਾ ਦੇਣ ਦਾ ਜ਼ਿਕਰ ਕਰਦਿਆਂ ਇਸ ਸ਼ਹਿਰ ਦੇ ਪਿਛੋਕੜ ਯਹੂਦੀਆਂ ਨਾਲ ਹੋਣ ਬਾਰੇ ਵੀ ਦੱਸਿਆ ਸੀ। ਹੁਣ ਤੱਕ ਅਮਰੀਕਾ ਦਾ ਰੋਲ ਇੱਕ ਪਾਸੜ ਮੰਨਿਆ ਗਿਆ ।