ਗਿੱਲ ਮੋਰਾਂਵਾਲੀ ਰਚਿਤ ਕਾਵਿ ਸੰਗ੍ਰਹਿ ‘ਔਰਤ ਦੂਜਾ ਰੱਬ` ਲੋਕ ਅਰਪਣ

ਪਟਿਆਲਾ : ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਉਘੇ ਪਰਵਾਸੀ ਪੰਜਾਬੀ ਕਵੀ ਗਿੱਲ ਮੋਰਾਂਵਾਲੀ ਰਚਿਤ ਕਾਵਿ ਸੰਗ੍ਰਹਿ ‘ਔਰਤ ਦੂਜਾ ਰੱਬ` ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਦਿਆਲ ਸਿੰਘ ਈਵਨਿੰਗ ਕਾਲਜ, ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪ੍ਰਿਥਵੀ ਰਾਜ ਥਾਪਰ, ਡਾ. ਹਰਸ਼ਿੰਦਰ ਕੌਰ ਐਮ.ਡੀ.,ਪੰਜਾਬੀ ਪ੍ਰਕਾਸ਼ਕ ਤਰਲੋਚਨ ਸਿੰਘ (ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ) ਅਤੇ ਹਰੀਦੱਤ ਹਬੀਬ ਆਦਿ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਉਪਰ ਹੋ ਰਹੇ ਹਮਲੇ ਚਿੰਤਾਜਨਕ ਹਨ ਅਤੇ ਹਰ ਪੰਜਾਬੀ ਨੂੰ ਆਪਣੀ ਮਾਂ ਬੋਲੀ ਦੀ ਰਖਵਾਲੀ ਲਈ ਹਰ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਪਰਵਾਸੀ ਅਤੇ ਭਾਰਤੀ ਪੰਜਾਬੀ ਲੇਖਕਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਕਰਨ ਲਈ ਅੱਧੀ ਸਦੀ ਤੋਂ ਇਕ ਪੁੱਲ ਦਾ ਕੰਮ ਕਰਦੀ ਆ ਰਹੀ ਹੈ। ਡਾ. ਪ੍ਰਿਥਵੀ ਰਾਜ ਥਾਪਰ ਨੇ ਗਿੱਲ ਮੋਰਾਂਵਾਲੀ ਦੀ ਖ਼ੂਬਸੂਰਤੀ ਸ਼ਾਇਰੀ ਦੇ ਹਵਾਲੇ ਨਾਲ ਕਿਹਾ ਕਿ ਸਮਾਜ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਲੇਖਕ ਉਹਨਾਂ ਦਾ ਸਮਾਧਾਨ ਦੱਸਦਾ ਹੈ।

Be the first to comment

Leave a Reply