ਗੁਰਬੀਰ ਗਰੇਵਾਲ ਇਤਿਹਾਸ ਵਿੱਚ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਅਮਰੀਕਾ ਦੇ ਇਤਿਹਾਸ ਵਿੱਚ ਉਹ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਹਨ। ਚੋਣ ਮੌਕੇ 44 ਸਾਲਾ ਗੁਰਬੀਰ ਦੇ ਵਿਰੋਧ ਵਿੱਚ ਇੱਕ ਵੀ ਵੋਟ ਨਹੀਂ ਪਈ। 16 ਜਨਵਰੀ ਨੂੰ ਉਨ੍ਹਾਂ ਦੇ ਇਸ ਅਹੁਦੇ ਲਈ ਚੁਣੇ ਜਾਣ ‘ਤੇ ਮੋਹਰ ਲੱਗ ਗਈ ਸੀ। ਬਾਅਦ ਵਿੱਚ ਉਨ੍ਹਾਂ ਨਿੱਜੀ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁੱਕੀ। ਗਰੇਵਾਲ ਨੇ ਅਟਾਰਨੀ ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਾਨੂੰਨ ਘਾੜਿਆਂ ਨੂੰ ਕਿਹਾ ਕਿ ਉਹ ਆਪਣੀ ਪੂਰੀ ਵਾਹ ਨਾਲ ਪੁਲਿਸ ਤੇ ਲੋਕਾਂ ਵਿੱਚ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਗੁਰਬੀਰ ਗਰੇਵਾਲ ਦੀ ਸੱਤਾ ਧਿਰ ਤੇ ਵਿਰੋਧੀ ਪਾਰਟੀ, ਦੋਵਾਂ ਨੇ ਸ਼ਲਾਘਾ ਕੀਤੀ। ਗੁਰਬੀਰ ਨੇ 1995 ਵਿੱਚ ਜੌਰਜਟਾਊਨ ਯੂਨੀਵਰਸਿਟੀ ਸਕੂਲ ਤੋਂ ਵਿਦੇਸ਼ੀ ਸੇਵਾਵਾਂ ਵਿੱਚ ਡਿਗਰੀ ਹਾਸਲ ਕੀਤੀ ਸੀ। 1999 ਵਿੱਚ ਉਨ੍ਹਾਂ ਮਾਰਸ਼ਲ-ਵਾਇਥ ਸਕੂਲ ਆਫ ਲਾਅ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਗੁਰਬੀਰ ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤ ਦੇ ਤਿੰਨ ਧੀਆਂ ਕਿਰਪਾ, ਮੇਹਰ ਤੇ ਮਹਿਕ ਹਨ, ਜਿਨ੍ਹਾਂ ਨੂੰ ਉਹ ਆਪਣੀ ਤਾਕਤ ਸਮਝਦੇ ਹਨ। ਬੀਤੇ ਸਾਲ ਨਵੰਬਰ ਵਿੱਚ ਰਵਿੰਦਰ ਭੱਲਾ ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਮੇਅਰ ਚੁਣੇ ਗਏ ਸਨ। ਸਿੱਖਾਂ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਹੋਣ ਨਾਲ ਦੇਸ਼ ਵਿੱਚ ਯਕੀਨੀ ਤੌਰ ‘ਤੇ ਨਸਲੀ ਵਿਤਕਰਾ ਘੱਟ ਹੋਣ ਤੇ ਸਿੱਖਾਂ ਬਾਰੇ ਸਥਾਨਕ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲੇਗੀ।

Be the first to comment

Leave a Reply