ਗੁਰੂ ਨਗਰੀ ਅਮ੍ਰਿਤਸਰ ਤੇ ਹੋਰ ਸ਼ਹਿਰਾਂ ਲਈ ਐਲਾਨੀ ਯੋਜਨਾ ਬਹੁਤ ਅਹਿਮ- ਸਹੋਤਾ, ਗਿੱਲ ਤੇ ਘੁੰਮਣ   

ਕੈਲੀਫੋਰਨੀਆ (ਸਾਂਝੀ ਸੋਚ ਬਿਊਰੋ)- ਅਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਗਰੀ ਅਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਸ਼ਹਿਰਾਂ ਨੂੰ ਪੀਣ ਲਈ ਦਰਿਆਵਾਂ ਦਾ ਪਾਣੀ ਸਾਫ ਕਰਕੇ ਦੇਣ ਦੀ ਐਲਾਨੀ ਗਈ ਯੋਜਨਾ ਬਹੁਤ ਅਹਿਮ ਹੈ। ਇਸ ਨਾਲ ਜਿਥੇ ਬਾਰਿਸ਼ ਦੇ ਵਿਅਰਥ ਜਾਂਦੇ ਪਾਣੀ ਦੀ ਵਰਤੋਂ ਕੀਤੀ ਜਾ ਸਕੇਗੀ ਉਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸ ਆਗੂਆਂ ਸ੍ਰੀ ਪਾਲ ਸਹੋਤਾ, ਸੁੱਖੀ ਘੁੰਮਣ ਤੇ ਰਾਣਾ ਗਿੱਲ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਅਹਿਮ ਮੁੱਦੇ ‘ਤੇ ਸਿਵਾਏ ਬਿਆਨਬਾਜ਼ੀ ਦੇ ਹੋਰ ਕੁਝ ਨਹੀਂ ਸੋਚਿਆ। ਆਗੂਆਂ ਨੇ ਕਿਹਾ ਹੈ ਕਿ ਵਿਸ਼ਵ ਦੇ ਕਈ ਦੇਸ਼ਾਂ ਵਿਚ ਪੀਣ ਲਈ ਬਾਰਿਸ਼ ਦਾ ਪਾਣੀ ਸਾਫ ਕਰਕੇ ਸਪਲਾਈ ਕੀਤਾ ਜਾਂਦਾ ਹੈ। ਪੰਜਾਬ ਵਿਚ ਇਹ ਯੋਜਨਾ ਬਹੁਤ ਸਫਲ ਹੋਵੇਗੀ। ਇਥੇ ਵਰਣਨਯੋਗ ਹੈ ਕਿ ਕੈਪਟਨ ਨੇ ਇਸ ਯੋਜਨਾ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕਰ ਦਿੱਤੀ ਹੈ ਤੇ ਇਸ ਮਕਸਦ ਲਈ 3000 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਅੰਮ੍ਰਿਤਸਰ ਨੂੰ ਬਿਆਸ ਦਰਿਆ ਤੋਂ ਪੀਣ ਵਾਲਾ ਪਾਣੀ ਦੇਣ ਦੀ ਯੋਜਨਾ ਹੈ। ਕੈਪਟਨ ਨੇ ਅੰਮ੍ਰਿਤਸਰ ਲਈ 556 ਕਰੋੜ ਰੁਪਏ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ ਹੈ। ਕਾਂਗਰਸ ਆਗੂਆਂ ਅਨੁਸਾਰ ਕੈਪਟਨ ਹੀ ਪੰਜਾਬ ਦਾ ਸਹੀ ਅਰਥਾਂ ਵਿਚ ਵਿਕਾਸ ਕਰ ਸਕਦੇ ਹਨ। ਆਗੂਆਂ ਨੇ ਹੋਰ ਕਿਹਾ ਹੈ ਕਿ ਕਿਸਾਨਾਂ ਦੀਆਂ ਖੁਦਕੁੱਸ਼ੀਆਂ ਲਈ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਜਿੰਮੇਵਾਰ ਹੈ ਜਿਸ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਕਿਸਾਨਾਂ ਲਈ ਕੁਝ ਨਹੀਂ ਕੀਤਾ।। ਕਿਸਾਨਾਂ ਪ੍ਰਤੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰ ਸੁਖਬੀਰ ਸਿੰਘ ਬਾਦਲ ਦਾ ਹੇਜ ਮਗਰਮੱਛ ਦੇ ਹੰਝੂਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਅਕਾਲੀ ਦਲ ਦੀ ਜਬਰ ਵਿਰੋਧੀ ਲਹਿਰ ਠੁੱਸ ਹੋ ਕੇ ਰਹਿ ਗਈ ਹੈ। ਆਗੂਆਂ ਅਨੁਸਾਰ ਸ੍ਰ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁਖ ਮੰਤਰੀ ਸਨ ਤਾਂ ਉਹ ਕਿਸਾਨੀ ਕਰਜਿਆਂ ਦਾ ਮਾਮਲਾ ਕੇਂਦਰ ਉਪਰ ਸੁੱਟਕੇ ਪਲਾ ਝਾੜ ਲੈਂਦੇ ਸਨ। ਇਹ ਕੈਪਟਨ ਅਮਰਿੰਦਰ ਸਿੰਘ ਹੀ ਹਨ ਜੋ ਕਿਸਾਨੀ ਕਰਜਿਆਂ ਦਾ ਹੱਲ ਲੱਭਣ ਲਈ ਯਤਨਸ਼ੀਲ ਹਨ। ਕਾਂਗਰਸੀ ਆਗੂਆਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਅਕਾਲੀਆਂ ਦੇ ਆਪਣੇ ਗੜ• ਬਠਿੰਡਾ, ਸੁਨਾਮ ਤੇ ਬਰਨਾਲਾ ਆਦਿ ਵਿਚ ਸਭ ਤੋਂ ਵਧ ਕਿਸਾਨ ਖੁਦਕੁੱਸ਼ੀਆਂ ਕਰ ਰਹੇ ਹਨ ਜਿਥੇ ਸ੍ਰ ਬਾਦਲ ਨੇ ਮੁਖ ਮੰਤਰੀ ਹੁੰਦਿਆਂ ਸਭ ਤੋਂ ਵਧ ਗਰਾਂਟਾਂ ਵੰਡੀਆਂ ਹਨ। ਆਗੂਆਂ ਨੇ ਕਿਹਾ ਹੈ ਕਿ 10 ਸਾਲ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਣ ਵਾਲੇ, ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਅੱਜ ਕਿਸ ਮੂੰਹ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਲੋਚਨਾ ਕਰ ਰਹੇ ਹਨ ਜਿਸ ਸਰਕਾਰ ਨੂੰ ਬਣਿਆਂ ਅੱਜੇ 6 ਮਹੀਨੇ ਵੀ ਨਹੀਂ ਹੋਏ। ਦਰਅਸਲ ਸੁਖਬੀਰ ਬਾਦਲ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਲਈ ਦੋਸ਼ ਕਿਸੇ ਹੋਰ ਸਿਰ ਮੜ• ਰਹੇ ਹਨ। ਆਗੂਆਂ ਨੇ ਹੋਰ ਕਿਹਾ ਹੈ ਕਿ ਪੰਜਾਬ ਵਿਚ ਨਿਵੇਸ਼ ਲਈ ਵਧੀਆ ਮਾਹੌਲ ਬਣਿਆ ਹੈ ਤੇ ਅਗਲੇ ਸਮੇਂ ਵਿਚ ਰਾਜ ‘ਚ ਨਿਵੇਸ਼ ਵਧਣ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਵਿਕਾਸ ਦੀ ਰਫਤਾਰ ਤੇਜ ਹੋਵੇਗੀ।

Be the first to comment

Leave a Reply