ਗੋਰਖਪੁਰ ਹਸਪਤਾਲ ‘ਚ 13 ਹੋਰ ਬੱਚਿਆਂ ਦੀ ਮੌਤ

ਗੋਰਖਪੁਰ  – ਬਾਬਾ ਰਾਘਵ ਦਾਸ ਮੈਡੀਕਲ ਕਾਲਜ ‘ਚ ਕਲ 13 ਹੋਰ ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਮਹੀਨੇ ਮਰਨ ਵਾਲੇ ਬੱਚਿਆਂ ਦਾ ਅੰਕੜਾ ਵੱਧ ਕੇ 309 ਹੋ ਗਿਆ ਹੈ। ਇਸ ਸਾਲ ਅਜੇ ਤਕ 1269 ਬੱਚੇ ਇਸ ਮੈਡੀਕਲ ਕਾਲਜ ‘ਚ ਮਰ ਚੁੱਕੇ ਹਨ। ਮੈਡੀਕਲ ਕਾਲਜ ਦੇ ਨਵੇਂ ਬਣੇ ਪ੍ਰਿੰਸੀਪਲ ਡਾ. ਪੀ.ਕੇ. ਸਿੰਘ ਨੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਤੀ 30 ਅਗੱਸਤ ਤਕ ਦੀ ਅੱਧੀ ਰਾਤ ਤਕ 59 ਬੱਚੇ ਮੈਡੀਕਲ ਕਾਲਜ ‘ਚ ਭਰਤੀ ਸਨ ਜਿਨ੍ਹਾਂ ‘ਚੋਂ 13 ਦੀ ਮੌਤ ਹੋ ਗਈ ਹੈ। ਇਸ ਵੇਲੇ ਹਸਪਤਾਲ ‘ਚ 354 ਬੱਚਿਆਂ ਦਾ ਇਲਾਜ ਚਲ ਰਿਹਾ ਹੈ।” ਉਨ੍ਹਾਂ ਕਿਹਾ ਕਿ ਹੜ੍ਹਾਂ ਦਾ ਪਾਣੀ ਜਿਉਂ ਜਿਉਂ ਘੱਟ ਹੋਵੇਗਾ ਇਨਫ਼ੈਕਸ਼ਨ ਦੀ ਸੰਭਾਵਨਾ ਵਧਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਸਲਾਹ ਦਿਤੀ ਗਈ ਹੈ ਕਿ ਉਹ ਬੱਚਿਆਂ ਨੂੰ ਉਬਲਿਆ ਪਾਣੀ ਅਤੇ ਦੁੱਧ ਪਿਲਾਉਣ ਤੋਂ ਇਲਾਵਾ ਬੇਹਾ ਖਾਣ ਦੇਣ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਮਾਪੇ ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਅਤੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ ਆਉਣ ਦੀ ਬਜਾਏ ਉਹ ਪਹਿਲਾਂ ਅਪਣੇ ਬੱਚਿਆਂ ਨੂੰ ਨੇੜੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਲਿਜਾਣ। ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਜ਼ਿਅਦਾਤਰ ਬੱਚੇ ਗੰਭੀਰ ਹਾਲਤ ‘ਚ ਹੋਣ ਕਰ ਕੇ ਇਥੇ ਲਿਆਂਦੇ ਜਾਂਦੇ ਹਨ। ਉਧਰ ਮੈਡੀਕਲ ਕਾਲਜ ‘ਚ 10 ਅਤੇ 11 ਅਗੱਸਤ ਨੂੰ ਬੱਚਿਆਂ ਦੀ ਸ਼ੱਕੀ ਮੌਤ ਦੇ ਮਾਮਲੇ ‘ਚ ਮੁਲਜ਼ਮ ਮੁਅੱਤਲ ਪ੍ਰਿੰਸੀਪਲ ਰਾਜੀਵ ਮਿਸ਼ਰਾ ਅਤੇ ਉਨ੍ਹਾਂ ਦੀ ਪਤਨੀ ਪੂਰਨਿਮਾ ਸ਼ੁਕਲਾ ਨੂੰ ਅੱਜ 14 ਦਿਨ ਦੀ ਕਾਨੂੰਨੀ ਹਿਰਾਸਤ ‘ਚ ਭੇਜ ਦਿਤਾ ਗਿਆ। ਇਨ੍ਹਾਂ ਨੂੰ 29 ਅਗੱਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਉਤੇ ਸਾਜ਼ਸ਼ ਰਚਣ, ਧੋਖਾਧੜੀ, ਗ਼ੈਰ-ਇਰਾਦਤਨ ਕਤਲ ਦੀ ਕੋਸ਼ਿਸ਼ ਆਦਿ ਦੇ ਦੋਸ਼ਾਂ ‘ਚ ਮੁਕੱਦਮਾ ਦਰਜ ਕੀਤਾ ਗਿਆ ਸੀ।

Be the first to comment

Leave a Reply