ਗੌਰੀ ਲੰਕੇਸ਼ ਦੇ ਕਾਤਲਾਂ ਦਾ ਕੋਈ ਸੁਰਾਗ਼ ਨਾ ਲੱਗਾ

ਬੰਗਲੌਰ –  ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਅੱਜ ਕਿਹਾ ਕਿ ਸੂਬਾਈ ਏਜੰਸੀਆਂ ਨੂੰ 55 ਸਾਲਾ ਪੱਤਰਕਾਰ ਬੀਬੀ ਗੌਰੀ ਲੰਕੇਸ਼ ਦੇ ਕਾਤਲਾਂ ਦੀ ਹੁਣ ਤੱਕ ਕੋਈ ਸੂਹ ਨਹੀਂ ਲੱਗੀ। ਉਨ੍ਹਾਂ ਜੁਰਮ ਕਰਨ ਸਬੰਧੀ ਕਾਤਲਾਂ ਦੇ ਖ਼ਾਸ ਢੰਗ-ਤਰੀਕੇ ਅਤੇ ਉਨ੍ਹਾਂ ਵੱਲੋਂ ਵਰਤੇ ਗਏ ਹਥਿਆਰਾਂ ਸਬੰਧੀ ਰਿਪੋਰਟਾਂ ਨੂੰ ‘ਮਹਿਜ਼ ਕਿਆਸ’ ਕਰਾਰ ਦੇ ਕੇ ਰੱਦ ਕਰ ਦਿੱਤਾ। ਹਿੰਦੂੀਵਾਦੀ ਸਿਆਸਤ ਦਾ ਸਖ਼ਤ ਵਿਰੋਧ ਕਰਨ ਵਾਲੀ ਬੀਬੀ ਲੰਕੇਸ਼ ਦਾ ਬੀਤੀ 5 ਸਤੰਬਰ ਨੂੰ ਇਥੇ ਉਨ੍ਹਾਂ ਦੀ ਰਿਹਾਇਸ਼ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਸੂਬਾਈ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਗੌਰੀ ਲੰਕੇਸ਼ ਦੇ ਕਤਲ ਕੇਸ ਦੀ ਜਾਂਚ ਜਾਰੀ ਹੈ। ਹਾਲੇ ਉਡੀਕ ਕਰੋ। ਸਾਨੂੰ ਜਾਂਚ ਤੋਂ ਕੁਝ ਠੋਸ ਸੁਰਾਗ਼ ਨਿਕਲ ਆਉਣ ਦੀ ਉਮੀਦ ਹੈ, ਪਰ ਹਾਲੇ ਕੁਝ ਸਾਹਮਣੇ ਨਹੀਂ ਆਇਆ।… ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਮਹਿਜ਼ ਕਿਆਸਅਰਾਈਆਂ ਹਨ। ਗ਼ੌਰਤਲਬ ਹੈ ਕਿ ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਆਈਜੀਪੀ (ਇੰਟੈਲੀਜੈਂਸ) ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਕਾਇਮ ਕੀਤੀ ਸੀ। ਇਸ ਤੋਂ ਪਹਿਲਾਂ ਬੀਤੀ 10 ਸਤੰਬਰ ਨੂੰ ਸ੍ਰੀ ਰੈਡੀ ਨੇ ਕਿਹਾ ਸੀ ਕਿ ਸਿੱਟ ਨੂੰ ‘ਕੁਝ ਸੁਰਾਗ਼’ ਮਿਲੇ ਹਨ। ਸਰਕਾਰ ਨੇ ਕਾਤਲਾਂ ਬਾਰੇ ਸੂਹ ਦੇਣ ਵਾਲੇ ਲਈ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਗ਼ੌਰਤਲਬ ਹੈ ਕਿ ਇਸ ਕਤਲ ਪਿੱਛੇ ਹਿੰਦੂਵਾਦੀ ਕੱਟੜਪੰਥੀਆਂ ਦਾ ਹੱਥ ਸਮਝਿਆ ਜਾ ਰਿਹਾ ਹੈ।

Be the first to comment

Leave a Reply