ਗ੍ਰਹਿ ਮੰਤਰੀ ਨਾਲ ਅਕਾਲੀ ਸੰਸਦ ਮੈਂਬਰਾਂ ਨੇ ਕੀਤੀ ਮੁਲਾਕਾਤ

ਜਲੰਧਰ – ਕੀ ਭਾਰਤ ‘ਚ ਅੱਜ ਵੀ ਅੰਗਰੇਜ਼ਾਂ ਦਾ ਰਾਜ ਹੈ? ਜੂਨ 1984 ‘ਚ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਜਾਮ ਦਿੱਤੇ ਗਏ ਸਾਕਾ ਨੀਲਾ ਤਾਰਾ ‘ਚ ਬਰਤਾਨੀਆ ਦੀ ਫੌਜ ਦੀ ਸ਼ਮੂਲੀਅਤ ਕੀ ਸ਼ਹੀਦ ਊਧਮ ਸਿੰਘ ਵੱਲੋਂ ਜਨਰਲ ਡਾਇਰ ਨੂੰ ਮਾਰਨ ਦਾ ਬਦਲਾ ਸੀ? ਇਹ ਗੰਭੀਰ ਸਵਾਲ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਦੇ ਹੋਏ ਬਰਤਾਨੀਆ ਸਰਕਾਰ ਦੀ ਸਾਕਾ ਨੀਲਾ ਤਾਰਾ ‘ਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਰਾਜਨਾਥ ਸਿੰਘ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਸਮੁੱਚੀ ਸਿੱਖ ਕੌਮ ਨੂੰ ਦੇਣ ਦੀ ਦਲੀਲ ਦਿੱਤੀ। ਉਕਤ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਤੋਂ ਪਹਿਲਾਂ ਬਰਤਾਨੀਆ ਸਰਕਾਰ ਤੋਂ ਸਲਾਹ ਕਰਨ ਦੀਆਂ ਜੋ ਗੱਲਾਂ ਮੀਡੀਆ ਰਾਹੀਂ ਆ ਰਹੀਆਂ ਹਨ, ਤੋਂ ਲੱਗਦਾ ਹੈ ਕਿ ਭਾਰਤ ਖੁਦਮੁਖਤਿਆਰ ਦੇਸ਼ ਨਾ ਹੋ ਕੇ ਅੱਜ ਵੀ ਬ੍ਰਿਟਿਸ਼ ਹਕੂਮਤ ਦਾ ਹਿੱਸਾ ਹੈ। ਚੰਦੂਮਾਜਰਾ ਨੇ ਖਦਸ਼ਾ ਜਤਾਇਆ ਕਿ ਸ਼ਹੀਦ ਊਧਮ ਸਿੰਘ ਵੱਲੋਂ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਂਦੇ ਹੋਏ ਜਨਰਲ ਡਾਇਰ ‘ਤੇ ਕੀਤੇ ਗਏ ਕਤਲ ਦਾ ਗੁੱਸਾ ਵੀ ਸਾਕਾ ਨੀਲਾ ਤਾਰਾ ‘ਚ ਬ੍ਰਿਟਿਸ਼ ਹਕੂਮਤ ਦੀ ਸ਼ਮੂਲੀਅਤ ਦਾ ਕਾਰਨ ਹੋ ਸਕਦਾ ਹੈ।