ਘਰ ਨੂੰ ਅੱਗ ਲੱਗਣ ਕਾਰਨ ਨਵਜੰਮੇਂ ਬੱਚੇ ਸਮੇਤ ਚਾਰ ਬੱਚਿਆਂ ਦੀ ਮੌਤ

ਨੋਵਾ ਸਕੋਸ਼ੀਆ : ਯਾਰਮਾਊਥ, ਨੋਵਾ ਸਕੋਸ਼ੀਆ ਨੇੜੇ ਇੱਕ ਘਰ ਨੂੰ ਅੱਗ ਲੱਗ ਜਾਣ ਕਾਰਨ ਐਤਵਾਰ ਸਵੇਰੇ ਇੱਕ ਨਵਜੰਮੇਂ ਬੱਚੇ ਸਮੇਤ ਚਾਰ ਬੱਚਿਆਂ ਦੀ ਮੌਤ ਹੋ ਗਈ। ਅੱਧੀ ਰਾਤ ਤੋਂ ਤੁਰੰਤ ਬਾਅਦ ਪੁਬਨਿਕੋ ਹੈੱਡ ਵਿੱਚ ਲੱਗੀ ਅੱਗ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਮੌਕੇ ਉੱਤੇ ਸੱਦਿਆ ਗਿਆ। ਅਰਵਿਨ ਓਲਸਨ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੜਪੋਤਿਆਂ ਦੀ ਮੌਤ ਹੋ ਗਈ ਪਰ ਉਨ੍ਹਾਂ ਹੋਰ ਜਾਣਕਾਰੀ ਨਹੀਂ ਦਿੱਤੀ। ਪਰ ਕਈ ਹੋਰਨਾਂ ਸੂਤਰਾਂ ਅਨੁਸਾਰ ਇਸ ਹਾਦਸੇ ਵਿੱਚ ਚਾਰ ਬੱਚੇ ਮਾਰੇ ਗਏ। ਰੈੱਡ ਕਰਾਸ ਦੀ ਤਰਜ਼ਮਾਨ ਮਿਲੇਨੀ ਮੈਕਡੌਨਲਡ ਨੇ ਦੱਸਿਆ ਕਿ ਇੱਕ ਨਿੱਕੇ ਬੱਚੇ ਸਮੇਤ ਚਾਰ ਬੱਚਿਆਂ ਦੀ ਮੌਤ ਹੋਈ ਹੈ ਜਿਹੜੇ ਉਸ ਘਰ ਵਿੱਚ ਹੀ ਰਹਿੰਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਵਿਅਕਤੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਦੋ ਵਿਅਕਤੀ ਇਸ ਅੱਗ ਤੋਂ ਬਚ ਨਿਕਲੇ ਜਿਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ਲਿਜਾਇਆ ਗਿਆ। ਵੈਸਟ ਪੁਬਨਿਕੋ ਫਾਇਰ ਡਿਪਾਰਟਮੈਂਟ ਦੇ ਚੀਫ ਗੌਰਡਨ ਅਮੀਰੋ ਨੇ ਆਖਿਆ ਕਿ ਸੋਮਵਾਰ ਸਵੇਰੇ ਜਦੋਂ ਫਾਇਰਫਾਈਟਰਜ਼ ਮੌਕੇ ਉੱਤੇ ਪਹੁੰਚੇ ਤਾਂ ਘਰ ਨੂੰ ਪੂਰੀ ਤਰ੍ਹਾਂ ਅੱਗ ਲੱਗ ਚੁੱਕੀ ਸੀ। ਆਰਸੀਐਮਪੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕੋਈ ਸ਼ੱਕੀ ਕਾਰਨ ਨਜ਼ਰ ਨਹੀਂ ਆ ਰਿਹਾ।

Be the first to comment

Leave a Reply