ਘੱਟ ਕੀਮਤ ‘ਤੇ ਸਮੇਂ ਦੀ ਬਚਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਰਿਕਾਰਡ

ਫਾਜ਼ਿਲਕਾ  : ਆਮ ਲੋਕਾਂ ਨੂੰ ਸਮੇਂ ਸਿਰ ਜ਼ਮੀਨੀ ਰਿਕਾਰਡ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ ਚੱਲ ਰਹੇ ਫਰਦ ਕੇਂਦਰ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੇ ਹਨ। ਜ਼ਿਲ੍ਹੇ ਅੰਦਰ ਸਥਾਪਤ 6 ਫਰਦ ਕੇਂਦਰਾਂ ਤੋਂ ਜਨਵਰੀ 2017 ਤੋਂ ਲੈ ਕੇ ਅਗਸਤ 2017 ਤੱਕ 65 ਹਜ਼ਾਰ 476 ਬਿਨੈਕਾਰਾਂ ਨੂੰ ਜ਼ਮੀਨੀ ਰਿਕਾਰਡ ਦੀਆਂ ਤਸਦੀਕਸ਼ੁਦਾ ਨਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਨਕਲਾਂ ਤਹਿਤ ਬਿਨੈਕਾਰਾਂ ਨੂੰ 4 ਲੱਖ 39 ਹਜ਼ਾਰ 572 ਪੰਨੇ ਪਾਰਦਰਸ਼ੀ ਢੰਗ ਨਾਲ ਨਾ-ਮਾਤਰ ਫੀਸ ‘ਤੇ ਮੁਹੱਈਆ ਕਰਵਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 360 ਪਿੰਡਾਂ ਦਾ ਜ਼ਮੀਨੀ ਰਿਕਾਰਡ ਵੀ ਆਨਲਾਈਨ ਹੋ ਚੁੱਕਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਰਦ ਕੇਂਦਰਾਂ ਤੋਂ ਤਸਦੀਕਸ਼ੁਦਾ ਨਕਲਾਂ ਹਾਸਲ ਕਰਨ ਵਿੱਚ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲਗਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿੱਥੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਨਕਲ ਪ੍ਰਾਪਤ ਹੋ ਜਾਂਦੀ ਹੈ ਉਥੇ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਦੀ ਵੀ ਬਚਤ ਹੁੰਦੀ ਹੈ।

ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਨ੍ਹਾਂ ਫਰਦ ਕੇਂਦਰਾਂ ਰਾਹੀ ਜਿੱਥੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਲੋਕਾਂ ਨੂੰ ਅਸਾਨ ਢੰਗ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ ਉਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਫ਼ਰਦ ਕੇਂਦਰ ਫਾਜ਼ਿਲਕਾ ਵਿਖੇ  ਜਨਵਰੀ 2017 ਤੋਂ ਲੈ ਕੇ 31 ਅਗਸਤ 2017 ਤੱਕ 17732 ਬਿਨੈਕਾਰਾਂ ਨੂੰ 1 ਲੱਖ 6 ਹਜ਼ਾਰ 670 ਪੰਨੇ, ਅਬੋਹਰ ਵਿਖੇ 13256 ਲੋਕਾਂ ਨੂੰ 99 ਹਜ਼ਾਰ 105 ਪੰਨੇ ਅਤੇ ਜਲਾਲਾਬਾਦ ਵਿਖੇ 15288 ਵਿਅਕਤੀਆਂ ਨੂੰ 93 ਹਜ਼ਾਰ 864 ਨਕਲਾਂ ਮੁਹੱਈਆ ਕਰਵਾਈਆਂ ਗਈਆਂ।  ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ  ਸੀਤੋ ਗੁੰਨੋ ਵਿਖੇ 3847 ਬਿਨੈਕਾਰਾਂ ਨੂੰ 33 ਹਜ਼ਾਰ 316 ਨਕਲਾਂ ਦੇ ਪੰਨੇ, ਖੂਈਆਂ ਸਰਵਰ ਵਿਖੇ 5960 ਬਿਨੈਕਾਰਾਂ ਨੂੰ 46 ਹਜ਼ਾਰ 497 ਨਕਲਾਂ ਦੇ ਪੰਨੇ ਅਤੇ ਅਰਨੀਵਾਲਾ ਵਿਖੇ 9393 ਲੋਕਾਂ ਨੂੰ 60 ਹਜ਼ਾਰ 120 ਨਕਲਾਂ ਦੇ ਪੰਨੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਕਲਾਂ ਦੇ ਪੰਨਿਆਂ ਤੋਂ 31 ਅਗਸਤ ਤੱਕ 87 ਲੱਖ 91 ਹਜ਼ਾਰ 440 ਰੁਪਏ ਦੀ ਸਰਕਾਰ ਨੂੰ ਆਮਦਨ ਹੋ ਚੁੱਕੀ ਹੈ।

Be the first to comment

Leave a Reply