ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਅਹੁਦੇਦਾਰਾਂ ਨੂੰ ਨਿਯੁਕਤੀ ਤੇ ਪਹਿਚਾਣ ਪੱਤਰ ਸੌਂਪੇ

ਨਿਊਯਾਰਕ (ਗਿੱਲ) – ਸ਼ਰੋਮਣੀ ਅਕਾਲੀ ਦਲ ਦੇ ਵਿਦੇਸ਼ੀ ਵਿੰਗ ਨੂੰ ਮਜ਼ਬੂਤ ਕਰਨ ਲਈ ਚਰਨਜੀਤ ਸਿੰਘ ਬਰਾੜ ਓ. ਐੱਸ. ਡੀ. ਸਾਬਕਾ ਪੰਜਾਬ ਸਰਕਾਰ ਵਲੋਂ ਆਪਣੇ ਨਿੱਜੀ ਅਮਰੀਕਾ ਦੌਰੇ ਸਮੇਂ ਵੱਖ-ਵੱਖ ਪ੍ਰਾਂਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨਾਲ ਮੁਲਾਕਾਤਾਂ ਕਰ ਰਹੇ ਹਨ। ਜਿੱਥੇ ਉਹ ਪਾਰਟੀ ਦੀਆਂ ਖਾਮੀਆਂ ਦਾ ਮੰਥਨ ਕਰ ਰਹੇ ਹਨ, ਉੱਥੇ ਪਾਰਟੀ ਦੇ ਵਿਕਾਸ ਅਤੇ ਕਮਜ਼ੋਰੀਆਂ ਨੂੰ ਵਿਸਥਾਰ ਰੂਪ ਵਿੱਚ ਸਾਂਝਾ ਕਰ ਰਹੇ ਹਨ। ਤਾਂ ਜੋ ਅਕਾਲੀ ਅਹੁਦੇਦਾਰਾਂ ਦਾ ਮਨੋਬਲ ਬਣਿਆ ਰਹੇ। ਰਘਬੀਰ ਸਿੰਘ ਸੁਭਾਨਪੁਰ ਅਤੇ ਬਲਵਿੰਦਰ ਸਿੰਘ ਨਵਾਂ ਸ਼ਹਿਰ ਨੇ ਪਾਰਟੀ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਇਕਜੁਟ ਹੋ ਕੇ ਵਿਚਰਨ ਨੂੰ ਤਰਜੀਹ ਦੇਣ ਦਾ ਢੰਡੋਰਾ ਅਲਾਪਿਆ।

ਭਾਵੇਂ ਸਾਰੇ ਅਹੁਦੇਦਾਰਾਂ ਵਲੋਂ ਪਾਰਟੀ ਪ੍ਰਤੀ ਵਫਾਦਾਰੀ ਜਿਤਾਈ ਪਰ ਉਨ੍ਹਾਂ ਦਾ ਕਹਿਣ ਸੀ ਕਿ ਪੰਜਾਬ ਵਿੱਚ ਦਸ ਸਾਲ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਸੀ, ਪਰ ਪ੍ਰਵਾਸੀ ਵਿੰਗ ਦੇ ਇੰਚਾਰਜ ਵਲੋਂ ਕਦੇ ਵੀ ਅਮਰੀਕਾ ਦਾ ਦੌਰਾ ਨਹੀਂ ਕਤਾ ਜਿਸ ਕਰਕੇ ਪਾਰਟੀ ਦੀ ਪਕੜ ਵਿੱਚ ਖਾਮੀ ਰਹੀ ਹੈ। ਰਿਸ ਗੱਲ ਨੂੰ ਮੋਹਨ ਸਿੰਘ ਖਟੜਾ ਨੇ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਵਿਚਾਰਿਆ ਗਿਆ ਅਤੇ ਨਾ ਹੀ ਦੋਸ਼ੀਆਂ ਪ੍ਰਤੀ ਸਖਤੀ ਵਰਤੀ ਗਈ ਹੈ ਜਿਸ ਕਰਕੇ ਪੰਜਾਬ ਦੀ ਸੱਤਾ ਸ਼੍ਰੋਮਣੀ ਅਕਾਲੀ ਦਲ ਤੋਂ ਖੁਸ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਲ ਨਾਲ ਲੋਕਾਂ ਨੂੰ ਜੋੜਨਾ ਜਰੂਰੀ ਹੈ ਜਿਸ ਲਈ ਹੁਣ ਤੋਂ ਹੀ ਕਮਰਕੱਸੇ ਕਰਨੇ ਹੋਣਗੇ ਤਾਂ ਜਾ ਕੇ ਅਗਲੇ ਪੰਜ ਸਾਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਫੜ੍ਹ ਸਕਦਾ ਹੈ।
>> ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਵਾਸ ਵਿੱਚ ਵੀ ਧੜੇਬੰਦੀਆਂ ਦਾ ਬੋਲਬਾਲਾ ਹੈ ਪਰ ਇਸ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ। ਸਿਰਫ ਕੰਮ ਕਰਨ ਵਾਲਿਆਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਹਰ ਤਿੰਨ ਮਹੀਨੇ ਬਾਅਦ ਹਰੇਕ ਵਰਕਰ ਦੀ ਕਾਰਗੁਜ਼ਾਰੀ ਨੂੰ ਅੰਕਿਤ ਕੀਤਾ ਜਾਵੇਗਾ ਅਤੇ ਸਾਲ ਦੇ ਅਖੀਰ ਵਿੱਚ ਉਸ ਦਾ ਮੁਲਾਂਕਣ ਕੀਤਾ ਜਾਵੇਗਾ। ਸਿਰਫ ਅਹੁਦੇ ਲੈ ਕੇ ਕੰਮ ਨੂੰ ਤਰਜੀਹ ਨਾ ਦੇਣਾ ਸ਼੍ਰੋਮਣੀ ਅਕਾਲੀ ਦਲ ਵਿੱਚ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੀ ਰੂਪ ਰੇਖਾ ਦਾ ਚਾਰਟ ਜਲਦੀ ਪ੍ਰਧਾਨਾਂ ਨੂੰ ਸੌਂਪਿਆ ਜਾਵੇਗਾ ਅਤੇ ਉਸ ਮੁਤਾਬਕ ਮੀਟਿੰਗਾਂ ਅਤੇ ਕਾਰਵਾਈ ਪਾਉਣਗੇ।

ਚਰਨਜੀਤ ਸਿੰਘ ਬਰਾੜ ਵਲੋਂ ਲਿਖਤੀ ਨਿਯੁਕਤੀ ਪੱਤਰ ਅਤੇ ਪਹਿਚਾਣ ਪੱਤਰ ਸਮੂਹ ਅਹੁਦੇਦਾਰਾਂ ਨੂੰ ਸੌਂਪੇ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਨਾ ਦਿੱਤੀ ਗਈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਕੰਮ ਕਰਕੇ ਹੇਠਲੇ ਪੱਧਰ ਤੇ ਪਾਰਟੀ ਦਾ ਵਿਸਥਾਰ ਕੀਤਾ ਜਾ ਸਕੇ। ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਢਿੱਲੋਂ, ਮਾਸਟਰ ਮਹਿੰਦਰ ਸਿੰਘ, ਮਲਕੀਤ ਸਿੰਘ, ਕਸ਼ਮੀਰ ਸਿੰਘ, ਕਰਨੈਲ ਸਿੰਘ ਬਾਠ, ਹਿੰਮਤ ਸਿੰਘ, ਜਰਨੈਲ ਸਿੰਘ, ਹਾਕਮ ਸਿੰਘ, ਮੋਹਨ ਸਿੰਘ ਖਟੜਾ, ਹਰਦੀਪ ਸਿੰਘ ਗੋਲਡੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਅਖੀਰ ਵਿੱਚ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਪ੍ਰਧਾਨਾਂ ਵਲੋਂ ਸਨਮਾਨਤ ਕੀਤਾ ਗਿਆ ਅਤੇ ਧੰਨਵਾਦ ਦੇ ਮਤੇ ਸਾਹਿਤ ਮੀਟਿੰਗ ਦੀ ਕਾਰਗੁਜ਼ਾਰੀ ਨੂੰ ਅੰਤਮ ਰੂਪ ਦਿੱਤਾ ਗਿਆ।
ਆਸ ਹੈ ਕਿ ਚਰਨਜੀਤ ਸਿੰਘ ਬਰਾੜ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵਿੱਚ ਮਜ਼ਬੂਤੀ ਤੇ ਕੰਮ ਕਰਨ ਦੀ ਸ਼ਕਤੀ ਵਿੱਚ ਵਾਧਾ ਹੋਵੇਗਾ। ਜਿਸ ਆਸ ਨਾਲ ਇਹ ਮੀਟਿੰਗ ਕੀਤੀ ਗਈ। ਉਸੇ ਲਹਿਜੇ ਨਾਲ ਹੀ ਇਸ ਦੀ ਕਾਰਗੁਜ਼ਾਰੀ ਸੰਪਨ ਕੀਤੀ ਗਈ ਹੈ।

Be the first to comment

Leave a Reply

Your email address will not be published.


*