ਚੀਨ ਦਾ ਬੇਕਾਬੂ ਪੁਲਾੜ ਸਟੇਸ਼ਨ ‘ਟਿਯਾਂਗੋਂਗ-1’ ਪ੍ਰਸ਼ਾਂਤ ਮਹਾਸਾਗਰ ‘ਚ ਡਿੱਗਿਆ

ਚੀਨ ਦਾ ਬੇਕਾਬੂ ਹੋ ਚੁੱਕਿਆ ਪੁਲਾੜ ਸਟੇਸ਼ਨ ‘ਟਿਯਾਂਗੋਂਗ-1’ ਅੱਜ ਸੋਮਵਾਰ 8.15 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਕੇ ਪ੍ਰਸ਼ਾਂਤ ਮਹਾਸਾਗਰ ‘ਚ ਡਿੱਗ ਗਿਆ | ਹਾਲਾਂ ਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੁਲਾੜ ਸਟੇਸ਼ਨ ਦੇ ਡਿੱਗਣ ਦੀ ਸਹੀ ਥਾਂ ਦੱਸਣਾ ਮੁਸ਼ਕਿਲ ਹੈ | ਇਸ ਦੇ ਡਿੱਗਣ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ | ਚੀਨ ਦੇ ਪੁਲਾੜ ਇੰਜੀਨੀਅਰਿੰਗ ਦਫ਼ਤਰ ਮੁਤਾਬਿਕ 8 ਟਨ ਭਾਰ ਵਾਲਾ ਟਿਯਾਂਗੋਂਗ-1 ਦਾ ਜ਼ਿਆਦਾਤਰ ਹਿੱਸਾ ਸਮੁੰਦਰ ‘ਚ ਡਿੱਗਣ ਤੋਂ ਪਹਿਲਾਂ ਹੀ ਸੜ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਧਰਤੀ ‘ਤੇ ਡਿੱਗਣ ਸਮੇਂ ਪੁਲਾੜ ਸਟੇਸ਼ਨ ਬਹੁਤ ਤੇਜ਼ ਗਤੀ ਨਾਲ ਟੁੱਟਣ ਲੱਗ ਪਿਆ ਤੇ ਚਮਕੀਲੇ ਅੱਗ ਦੇ ਗੋਲੇ ‘ਚ ਬਦਲ ਗਿਆ | ਵੇਖਣ ‘ਚ ਇਹ ਉਲਕਾ ਪਿੰਡ ਵਰਗਾ ਲੱਗ ਰਿਹਾ ਸੀ | ਇਸ ਪੁਲਾੜ ਸਟੇਸ਼ਨ ਨੂੰ ਚੀਨੀ ਪੁਲਾੜ ਏਜੰਸੀ ‘ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ’ ਨੇ 29 ਸਤੰਬਰ, 2011 ਨੂੰ ਲਾਂਚ ਕੀਤਾ ਸੀ | ਜੋ ਚੀਨ ਦਾ ਆਪਣਾ ਇਕ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਸੀ | ਇਸ ਦਾ ਭਾਰ 8.5 ਟਨ, ਲੰਬਾਈ 10 ਮੀਟਰ ਤੇ ਚੌੜਾਈ 3 ਮੀਟਰ ਸੀ | ਚੀਨ ਨੇ 2016 ਤੋਂ ਇਸ ਪੁਲਾੜ ਸਟੇਸ਼ਨ ਤੋਂ ਕੰਟਰੋਲ ਖੋ ਦਿੱਤਾ ਸੀ | ਚੀਨ ਨੇ ਇਸ ਪੁਲਾੜ ਸਟੇਸ਼ਨ ‘ਚ ਖਤਰਨਾਕ ਰਸਾਇਣ ਭਰੇ ਸਨ, ਇਸ ਲਈ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਜਦੋਂ ਵੀ ਇਹ ਧਰਤੀ ਨਾਲ ਟਕਰਾਏਗਾ ਤਾਂ ਤਬਾਹੀ ਲਿਆਏਗਾ |