ਚੀਨ ਦੀ ਗੁੱਝੀ ਚਾਲ ਦਾ ਹਿੱਸਾ ਹੋ ਸਕਦੈ ਸਿੱਕਮ ਸੈਕਟਰ ਵਿਚ ਭਾਰਤੀ ਫ਼ੌਜ ਨਾਲ ਟਕਰਾਅ

ਵਾਸ਼ਿੰਗਟਨ –  ਅਮਰੀਕਾ ਦੇ ਕੌਮਾਂਤਰੀ ਮਾਮਲਿਆਂ ਬਾਰੇ ਇਕ ਮਾਹਰ ਨੇ ਕਿਹਾ ਕਿ ਡੋਕਲਾਮ ਖੇਤਰ ਵਿਚ ਚੀਨੀ ਅਤੇ ਭਾਰਤੀ ਫ਼ੌਜ ਦਰਮਿਆਨ ਚੱਲ ਰਿਹਾ ਟਕਰਾਅ ਬੀਜਿੰਗ ਦੀ ਗੁੱਝੀ ਚਾਲ ਦਾ ਹਿੱਸਾ ਹੋ ਸਕਦਾ ਹੈ ਜਿਸ ਰਾਹੀਂ ਉਹ ਕਬਜ਼ੇ ਦੀ ਸਥਿਤੀ ਵਿਚ ‘ਇੰਚ ਦਰ ਇੰਚ’ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭੂਟਾਨ ਦੇ ਤਿਰਾਹੇ ਨੇੜੇ ਸਿੱਕਮ ਸੈਕਟਰ ਦੇ ਡੋਕਲਾਮ ਇਲਾਕੇ ਵਿਚ ਚੀਨੀ ਫ਼ੌਜ ਵਲੋਂ ਸੜਕ ਬਣਾਉਣ ਦੇ ਯਤਨ ਮਗਰੋਂ ਦੋਹਾਂ ਮੁਲਕਾਂ ਦੀਆਂ ਫ਼ੌਜਾਂ ਵਿਚਾਲੇ ਤਿੰਨ ਹਫ਼ਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਟਕਰਾਅ ਜਾਰੀ ਹੈ। ਬਰਾਕ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਵਿਦੇਸ਼ ਵਿਭਾਗ ਵਿਚ ਤੈਨਾਤ ਰਹੀ ਸਾਬਕਾ ਅਧਿਕਾਰੀ ਐਲਿਜ਼ਾ ਆਇਰਸ ਨੇ ਦਸਿਆ, ”ਸਰਹੱਦ ‘ਤੇ ਟਕਰਾਅ ਤੋਂ ਅਸੀ ਵੀ ਚਿੰਤਿਤ ਹਾਂ ਅਤੇ ਯਕੀਨੀ ਤੌਰ ‘ਤੇ ਭਾਰਤ ਦੀ ਲੀਡਰਸ਼ਿਪ ਵੀ ਚਿੰਤਿਤ ਹੋਵੇਗੀ। ਵਿਦੇਸ਼ੀ ਰਿਸ਼ਤਿਆਂ ਬਾਰੇ ਕੌਂਸਲ ਵਿਚ ਭਾਰਤ, ਪਾਕਿਸਤਾਨ ਅਤੇ ਦਖਣੀ ਏਸ਼ੀਆ ਮਾਮਲਿਆਂ ਦੀ ਸੀਨੀਅਰ ਫ਼ੈਲੋ ਐਲਿਜ਼ਾ ਨੇ ਕਿਹਾ ਕਿ ਚੀਨ ਦੀ ਗੁੱਝੀ ਚਾਲ ਨੂੰ ਵਿਵਾਦਤ ਦਖਣੀ ਚੀਨ ਸਾਗਰ ਵਿਚ ਵੀ ਵੇਖਿਆ ਜਾ ਸਕਦਾ ਹੈ। ਲੰਮੇ ਸਮੇਂ ਦੌਰਾਨ ਰਣਨੀਤਕ ਲਾਭ ਲੈਣ ਲਈ ਚੀਨ ਦੀ ਇੰਚ ਦਰ ਇੰਚ ਕਬਜ਼ਾ ਕਰਨ ਦੀ ਨੀਤੀ ਦਾ ਹਿੱਸਾ ਹੈ। ਦੂਜੇ ਪਾਸੇ ਜੌਹਨ ਹਾਪਕਿਨਜ਼ ਯੂਨੀਵਰਸਟੀ ਦੇ ਪੌਲ ਐਚ ਨਿਤਜੇ ਸਕੂਲ ਆਫ਼ ਐਡਵਾਂਸਡ ਇੰਟਰਨੈਸ਼ਨਲ ਸਟਡੀਜ਼ ਦੇ ਕੌਮਾਂਤਰੀ ਰਿਸ਼ਤਿਆਂ ਬਾਰੇ ਵਿਭਾਗ ਵਿਚ ਸੀਨੀਅਰ ਰਿਸਰਚ ਪ੍ਰੋਫ਼ੈਸਰ ਡੈਨੀਅਲ ਮਰਕੀ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਜ਼ਿਆਦਾ ਚਿੰਤਿਤ ਨਹੀਂ ਹਨ ਕਿਉਂਕ ਭਾਰਤ ਅਤੇ ਚੀਨ ਹਮੇਸ਼ਾ ਸਰਹੱਦੀ ਵਿਵਾਦ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨ ਦੀ ਤਰਜੀਹ ਦਿੰਦੇ ਹਨ।

Be the first to comment

Leave a Reply