ਚੀਨ ਨੇ ਦਹਿਸ਼ਤਵਾਦ ਨਾਲ ਜੂਝਣ ਲਈ ਪਾਕਿਸਤਾਨ ਦੀ ਪਿੱਠ ਥਾਪੜੀ

ਪੇਈਚਿੰਗ – ਆਪਣੇ ਭਾਈਵਾਲ ਨੂੰ ਪਲੋਸਣ ਦੀ ਰਣਨੀਤੀ ਤਹਿਤ ਚੀਨ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਨੇ ਅਤਿਵਾਦ ਦੇ ਟਾਕਰੇ ਲਈ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਕੁਝ ਮੁਲਕਾਂ ਨੂੰ ਇਸ ਦਾ ਸਿਹਰਾ ਉਸ ਨੂੰ ਦੇਣਾ ਚਾਹੀਦਾ ਹੈ। ਕੁਝ ਮੁਲਕਾਂ ਤੋਂ ਭਾਵ ਭਾਰਤ ਅਤੇ ਚੀਨ ਤੋਂ ਹੈ ਜਿਨ੍ਹਾਂ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੋਇਆ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਬਰਿੱਕਸ ਐਲਾਨਨਾਮੇ ’ਚ ਪਾਕਿਸਤਾਨ ਆਧਾਰਿਤ ਦਹਿਸ਼ਤੀ ਗੁੱਟਾਂ ਦਾ ਨਾਮ ਲਏ ਜਾਣ ਦੀ ਪੇਈਚਿੰਗ ਨੇ ਹਮਾਇਤ ਦਿੱਤੀ ਸੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਜ਼ੀ ਅਤੇ ਪਾਕਿਸਤਾਨੀ ਹਮਰੁਤਬਾ ਖਵਾਜਾ ਮੁਹੰਮਦ ਆਸਿਫ਼ ਵੱਲੋਂ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ’ਚ ਜ਼ੀ ਨੇ ਕਿਹਾ,‘‘ਪਾਕਿਸਤਾਨ ਚੰਗਾ ਭਰਾ ਅਤੇ ਚੀਨ ਦਾ ਪੱਕਾ ਦੋਸਤ ਹੈ। ਕੋਈ ਵੀ ਪਾਕਿਸਤਾਨ ਨੂੰ ਚੀਨ ਨਾਲੋਂ ਬਿਹਤਰ ਨਹੀਂ ਸਮਝ ਸਕਦਾ।’’ ਸ਼ਿਆਮਨ ’ਚ ਬਰਿੱਕਸ ਸੰਮੇਲਨ ਦੌਰਾਨ ਅਤਿਵਾਦ ਬਾਰੇ ਸਖ਼ਤ ਮਤੇ ਦੀ ਚੀਨ ਵੱਲੋਂ ਹਮਾਇਤ ਕੀਤੇ ਜਾਣ ਮਗਰੋਂ ਆਸਿਫ਼ ਵੱਲੋਂ ਚੀਨ ਦਾ ਦੌਰਾ ਕੀਤਾ ਜਾ ਰਿਹਾ ਹੈ। ਬਰਿੱਕਸ ਐਲਾਨਨਾਮੇ ਦੇ ਸਿੱਧੇ ਹਵਾਲੇ ਤੋਂ ਗੁਰੇਜ਼ ਕਰਦਿਆਂ ਵਾਂਗ ਨੇ ਕਿਹਾ ਕਿ ਅਤਿਵਾਦ ਆਲਮੀ ਮੁੱਦਾ ਹੈ ਅਤੇ ਸਾਰੇ ਮੁਲਕਾਂ ਨੂੰ ਮਿਲ ਕੇ ਇਸ ਖ਼ਿਲਾਫ਼ ਜਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਰਕਾਰ ਅਤੇ ਉਥੋਂ ਦੇ ਲੋਕਾਂ ਨੇ ਅਤਿਵਾਦ ਖ਼ਿਲਾਫ਼ ਕਈ ਕੁਰਬਾਨੀਆਂ ਦਿੱਤੀਆਂ ਹਨ।

Be the first to comment

Leave a Reply