ਚੰਡੀਗੜ੍ਹ ਹਵਾਈ ਅੱਡਾ ਅਕਤੂਬਰ ਮਹੀਨੇ ਤੋਂ ਲੈ ਕੇ ਅਗਲੇ 6 ਮਹੀਨੇ ਤੱਕ ਠੱਪ

ਚੰਡੀਗੜ੍ਹ ਹਵਾਈ ਅੱਡਾ ਅਕਤੂਬਰ ਮਹੀਨੇ ਤੋਂ ਲੈ ਕੇ ਅਗਲੇ 6 ਮਹੀਨੇ ਤੱਕ ਠੱਪ ਰਹਿ ਸਕਦਾ ਹੈ। ਇੱਥੇ ਰੀਕਾਰਪੇਟਿੰਗ ਤੇ ਹੋਰ ਮੁਰੰਮਤ ਦਾ ਕੰਮ ਹੋਣਾ ਹੈ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਲਮਕਿਆ ਹੋਇਆ ਦੱਸਿਆ ਜਾਂਦਾ ਹੈ।

ਹਵਾਈ ਅੱਡਾ ਬੰਦ ਰਹਿਣ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਨਾਂ ਸ਼ੁਰੂ ਨਾ ਹੋਣ ਪਿੱਛੇ ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਏਅਰਫੋਰਸ ਵੱਲੋਂ ਹਾਈਕੋਰਟ ਦੀ ਬੈਂਚ ਨੂੰ ਜਾਣਕਾਰੀ ਦਿੱਤੀ ਗਈ ਕਿ ਤਿੰਨ ਅਕਤੂਬਰ ਤੋਂ ਕੰਮ ਸ਼ੁਰੂ ਕੀਤੇ ਜਾਣ ਦਾ ਪ੍ਰੋਗਰਾਮ ਮਿੱਥਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਸਾਰੀਆਂ ਏਅਰਲਾਈਨਜ਼ ਕੰਪਨੀਆਂ ਤੇ ਹੋਰ ਜ਼ਰੂਰੀ ਅਥਾਰਟੀਆਂ ਨੂੰ 60 ਦਿਨ ਦਾ ਨੋਟਿਸ ਦਿੱਤਾ ਜਾਣਾ ਲਾਜ਼ਮੀ ਹੈ।

ਕੇਂਦਰ ਵੱਲੋਂ ਪੇਸ਼ ਹੋਏ ਸਹਾਇਕ ਸਾਲਿਸਟਰ ਜਨਰਲ ਚੇਤਨ ਮਿੱਤਲ ਨੇ ਬੈਂਚ ਨੂੰ ਜਾਣੂ ਕਰਵਾਇਆ ਕਿ ਜ਼ਰੂਰੀ ਮੁਰੰਮਤ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੀ। ਕੌਮਾਂਤਰੀ ਹਵਾਈ ਅੱਡੇ ਦੇ ਉਦਘਾਟਨ ਤੋਂ ਪਹਿਲਾਂ ਹੀ ਇਸ ਕੰਮ ‘ਤੇ ਵਿਚਾਰ ਹੁੰਦਾ ਆ ਰਿਹਾ ਸੀ ਪਰ ਇਸੇ ਦੌਰਾਨ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੋਇਆ ਤੇ ਕੰਮ ਵਿਚ ਥੋੜ੍ਹੀ ਦੇਰੀ ਹੋ ਗਈ ਅਤੇ ਹੁਣ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ।

ਉਨ੍ਹਾਂ ਬੈਂਚ ਨੂੰ ਇਹ ਵੀ ਦੱਸਿਆ ਕਿ 10 ਅਗਸਤ ਨੂੰ ਏਅਰਲਾਈਨਜ਼ ਕੰਪਨੀਆਂ ਦੀ ਮੀਟਿੰਗ ਹੋਣੀ ਹੈ ਤੇ ਇਸ ਦੌਰਾਨ ਹਵਾਈ ਅੱਡੇ ਵਿਖੇ ਸ਼ੁਰੂ ਹੋਣ ਵਾਲੇ ਕੰਮ ‘ਤੇ ਵਿਚਾਰ ਕੀਤਾ ਜਾਵੇਗਾ। ਇਹ ਸੰਭਾਵਨਾ ਵੀ ਤਲਾਸ਼ੀ ਜਾਵੇਗੀ ਕਿ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਫਲਾਈਟਾਂ ਨੂੰ ਕਿਤੇ ਨੇੜਲੇ ਹਵਾਈ ਅੱਡਿਆਂ, ਜਿਵੇਂ ਅੰਬਾਲਾ ਆਦਿ ‘ਤੇ ਸ਼ਿਫ਼ਟ ਕੀਤਾ ਜਾ ਸਕਦਾ ਹੈ ਜਾਂ ਨਹੀਂ।

Be the first to comment

Leave a Reply