ਛੇਤੀ ਹੀ ਭਾਰਤ ਤੋਂ ਥਾਈਲੈਂਡ ਤਕ ਜਾਣ ਲਈ ਬਣੇਗੀ ਸੜਕ

ਨਵੀਂ ਦਿੱਲੀ :  ਛੇਤੀ ਹੀ ਭਾਰਤ ਤੋਂ ਥਾਈਲੈਂਡ ਤਕ ਸੜਕ ਮਾਰਗ ਜ਼ਰੀਏ ਜਾਇਆ ਜਾ ਸਕੇਗਾ। ਭਾਰਤ ਸਰਕਾਰ ਦਿੱਲੀ ਤੋਂ ਥਾਈਲੈਂਡ ਤਕ ਸੜਕ ਮਾਰਗ ਰਾਹੀਂ ਸਫਰ ਨੂੰ ਹਕੀਕਤ ਬਣਾਉਣ ਜਾ ਰਹੀ ਹੈ। ਇਸ ਹਾਈਵੇ ਨੂੰ ਮਣੀਪੁਰ ਦੇ ਮੋਰੇਹ ਤੋਂ ਮਿਆਂਮਾਰ ਦੇ ਤਮੂ ਹੁੰਦੇ ਹੋਏ ਥਾਈਲੈਂਡ ਦੇ ਮਏ ਸੋਟ ਨਾਲ ਜੋੜਿਆ ਜਾਵੇਗਾ।
ਇਸ ਨੂੰ ਆਈ. ਐੱਮ. ਟੀ. ਯਾਨੀ ਇੰਡੀਆ-ਮਿਆਂਮਾਰ-ਥਾਈਲੈਂਡ ਤਿੰਨ ਪੱਖੀ ਰਾਜਮਾਰਗ ਨਾਮ ਦਿੱਤਾ ਗਿਆ ਹੈ। 2002 ‘ਚ ਪੇਸ਼ ਕੀਤੇ ਗਏ ਇਸ ਵਿਚਾਰ ‘ਤੇ ਮੋਦੀ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਹਾਲ ਹੀ ‘ਚ ਕੈਬਨਿਟ ਕਮੇਟੀ ਦੀ ਬੈਠਕ ‘ਚ ਇਸ ਪ੍ਰਾਜੈਕਟ ‘ਤੇ ਅੱਗੇ ਕੰਮ ਕਰਦੇ ਹੋਏ ਏਸ਼ੀਅਨ ਹਾਈਵੇ ਦੇ ਇੰਫਾਲ ਤੋਂ ਮੋਰੇਹ ਤਕ ਦੇ ਹਿੱਸੇ ਨੂੰ ਕੌਮਾਂਤਰੀ ਪੱਧਰ ਦੇ ਰਾਜਮਾਰਗ ਦੇ ਰੂਪ ‘ਚ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਮਿਆਂਮਾਰ ਤਕ ਸੜਕ ਜ਼ਰੀਏ ਜਾਣਾ ਆਸਾਨ ਹੋ ਜਾਵੇਗਾ।
ਉੱਥੇ ਹੀ, ਭਾਰਤ ਸਰਕਾਰ ਨੇ ਹਾਈਵੇ ਨੂੰ ਕੰਬੋਡੀਆ ਅਤੇ ਵੀਅਤਨਾਮ ਤਕ ਲਿਜਾਣ ਦਾ ਵੀ ਪ੍ਰਸਤਾਵ ਦਿੱਤਾ ਹੈ। ਭਾਰਤ ਤੋਂ ਵੀਅਤਨਾਮ ਤਕ ਪ੍ਰਸਤਾਵਿਤ ਮਾਰਗ ਤਕਰੀਬਨ 3,200 ਕਿਲੋਮੀਟਰ ਲੰਮਾ ਹੋਵੇਗਾ, ਜਿਸ ਨੂੰ ਪੂਰਬੀ-ਪੱਛਮੀ ਆਰਥਿਕ ਗਲਿਆਰਾ ਨਾਮ ਦਿੱਤਾ ਗਿਆ ਹੈ।
ਭਾਰਤ-ਮਿਆਂਮਾਰ-ਥਾਈਲੈਂਡ ਹਾਈਵੇ ਪ੍ਰਾਜੈਕਟ ਤਹਿਤ ਨਵੀਂ ਦਿੱਲੀ ਤੋਂ ਥਾਈਲੈਂਡ ਵਿਚਕਾਰ ਲਗਭਗ 4,000 ਕਿਲੋਮੀਟਰ ਦੀ ਦੂਰੀ ਨੂੰ ਸੜਕ ਮਾਰਗ ਜ਼ਰੀਏ ਜੋੜਿਆ ਜਾਵੇਗਾ। ਉੱਥੇ ਹੀ ਮਣੀਪੁਰ ਦੇ ਮੋਰੇਹ ਤੋਂ ਥਾਈਲੈਂਡ ਦੇ ਮਏ ਸੋਟ ਤਕ ਇਹ ਦੂਰੀ 1,360 ਕਿਲੋਮੀਟਰ ਹੋਵੇਗੀ। ਇਸ ਪ੍ਰਾਜੈਕਟ ‘ਤੇ ਭਾਰਤ, ਥਾਈਲੈਂਡ ਅਤੇ ਮਿਆਂਮਾਰ ਮਿਲ ਕੇ ਕੰਮ ਕਰ ਰਹੇ ਹਨ। ਇਸ ਮਾਰਗ ਦੇ ਤਿਆਰ ਹੋਣ ‘ਤੇ ਤਿੰਨਾਂ ਦੇਸ਼ਾਂ ਵਿਚਾਲੇ ਵਪਾਰ, ਕਾਰੋਬਾਰ, ਹੈਲਥ, ਸਿੱਖਿਆ ਅਤੇ ਸੈਰ-ਸਪਾਟੇ ਸੈਕਟਰ ਨੂੰ ਵਾਧਾ ਮਿਲੇਗਾ। ਇਸ ਪ੍ਰਾਜੈਕਟ ਦੇ 2020 ਤਕ ਪੂਰਾ ਹੋਣ ਦੀ ਉਮੀਦ ਹੈ।

Be the first to comment

Leave a Reply