ਛੇ ਮਹਿਲਾ ਸੈਨਿਕਾਂ ਨੇ ਅੰਟਾਰਕਟਿਕਾ ਨੂੰ ਪਾਰ ਕਰਕੇ ਰਚ ਦਿੱਤਾ ਇਤਿਹਾਸ

ਲੰਡਨ- ਬ੍ਰਿਟੇਨ ਦੀਆਂ ਛੇ ਮਹਿਲਾ ਸੈਨਿਕਾਂ ਨੇ ਅੰਟਾਰਕਟਿਕਾ ਨੂੰ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਕਾਰਨਾਮਾ ਕਰਨ ਵਾਲੀ ਇਹ ਦੁਨੀਆ ਦੀ ਪਹਿਲੀ ਮਹਿਲਾ ਟੀਮ ਹੈ, ਜਿਸ ਨੇ 64 ਦਿਨਾਂ ‘ਚ 600 ਕਿਲੋਮੀਟਰ ਸਫਰ ਕਰਕੇ ਮਿਸ਼ਨ ਪੂਰਾ ਕੀਤਾ। ਟੀਮ ਨੇ ਥੀਏਲ ਪਰਬਤ ਤੋਂ ਆਪਣਾ ਮਿਸ਼ਨ ਸ਼ੁਰੂ ਕੀਤਾ ਸੀ ਤੇ ਬ੍ਰਿਟੇਨ ਦੇ ਸਮੇਂ ਅਨੁਸਾਰ ਐਤਵਾਰ ਸਵੇਰੇ 10 ਵਜੇ ਆਪਣੀ ਮੰਜ਼ਿਲ ‘ਤੇ ਪਹੁੰਚ ਕੇ ਸਫਰ ਪੂਰਾ ਕੀਤਾ। ਬ੍ਰਿਟਿਸ਼ ਫੌਜ ਦੀ ਆਈਸ ਮੇਡੇਨ ਮੁਹਿੰਮ ਦੇ ਤੌਰ ਉੱਤੇ ਤਿਆਰ ਕੀਤੀ ਇਸ ਟੀਮ ਦੀ ਅਗਵਾਈ ਮੇਜਰ ਨਿਕਸ ਵੇਦਰਿਲ ਤੇ ਮੇਜਰ ਨਾਤਾਲਿਆ ਟੇਲਰ ਨੇ ਕੀਤੀ। ਦੋਵੇਂ ਮਿਲਟਰੀ ਅਫਸਰ ਬੀਬੀਆਂ ਰੋਇਲ ਆਰਮੀ ਦੀ ਮੈਡੀਕਲ ਯੂਨਿਟ ਦਾ ਹਿੱਸਾ ਹਨ, ਜਿਨ੍ਹਾਂ ਨਾਲ ਮੇਜਰ ਸੈਂਡੀ ਹੈਨਿਸ, ਕੈਪਟਨ ਜੇਨਾ ਬੇਕਰ, ਲੈਫਟੀਨੈਂਟ ਜੇਨੀ ਸਟੀਫੇਨਸਨ ਅਤੇ ਸਾਰਜੈਂਟ ਸੋਫੀ ਮਾਊਂਟੇਨ ਟੀਮ ਦਾ ਹਿੱਸਾ ਬਣੀਆਂ। ਮੇਜਰ ਟੇਲਰ ਨੇ ਕਿਹਾ, ‘ਅਖੀਰਲੇ ਦਿਨਾਂ ਵਿੱਚ ਮੈਂ ਸਿਰਫ ਖੂਬਸੂਰਤ ਦਿ੍ਰਸ਼ਾਂ ਨੂੰ ਆਪਣੀਆਂ ਅੱਖਾਂ ਵਿੱਚ ਕੈਦ ਕੀਤਾ। ਦੋ ਮਹੀਨਿਆਂ ਮਗਰੋਂ ਮੈਂ ਘਰ ਵਾਪਸ ਆਈ ਹਾਂ, ਪਰ ਅੰਟਾਰਕਟਿਕਾ ਬਹੁਤ ਯਾਦ ਰਹੇਗਾ।’ ਮੇਜਰ ਟੇਲਰ ਅਨੁਸਾਰ ਇਹ ਸਫਰ ਮੁਸ਼ਕਿਲ ਭਰਿਆ ਸੀ, ਮਾਈਨਸ 40 ਡਿਗਰੀ ਸੈਲਸੀਅਸ ਦੇ ਤਾਪਮਾਨ ਨਾਲ ਲੜ ਕੇ ਟੀਮ ਨੇ ਰੋਜ਼ ਕਰੀਬ 43 ਕਿਲੋਮੀਟਰ ਸਫਰ ਤੈਅ ਕੀਤਾ। ਚੁਣੌਤੀ ਸਿਰਫ ਇੰਨੀ ਨਹੀਂ ਸੀ। ਹਰ ਸੈਨਿਕ ਨੇ ਕਰੀਬ 80 ਕਿਲੋਗ੍ਰਾਮ ਦਾ ਵਜ਼ਨ ਆਪਣੀ ਸਲੈਜ ‘ਤੇ ਲੱਦਿਆ ਸੀ। ਮੇਜਰ ਨਿਕਸ ਮੁਤਾਬਕ 20 ਨਵੰਬਰ 2017 ਨੂੰ ਰੋਜ਼ ਆਈਸੈਲਫ ਤੋਂ ਸ਼ੁਰੂ ਹੋਏ ਇਸ ਸਫਰ ਦੌਰਾਨ ਉਹ ਕਈ ਵੱਡੇ ਪਰਬਤ ਅਤੇ ਲੀਵਰੇਟ ਗਲੇਸ਼ੀਅਰ ਨੂੰ ਪਾਰ ਕਰਦੇ ਹੋਏ 1000 ਕਿਲੋਮੀਟਰ ਦੇ ਖੇਤਰ ਵਿੱਚ ਫੈਲੇ ਪੂਰਬੀ ਅੰਟਾਰਕਟਿਕਾ ਪਹੁੰਚੀਆਂ।

Be the first to comment

Leave a Reply