ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਤੋਂ ਵੀ ਭੈੜੀ ਜ਼ਿੰਦਗੀ

ਜਲੰਧਰ :- ਪਿੰਡ ਫਤਿਹਪੁਰ ਦੇ ਵਾਸੀ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਤੋਂ ਵੀ ਭੈੜੀ ਜ਼ਿੰਦਗੀ ਜੀਅ ਰਹੇ ਹਨ। ਇਸ ਸਬੰਧੀ ਪਿੰਡ ਦੀ ਪੰਚਾਇਤ ਦੇ ਕੁਲਵਿੰਦਰ ਸਿੰਘ ਸਰਪੰਚ, ਦਰਬਾਗ ਸਿੰਘ ਪੰਚ, ਸੁਖਵਿੰਦਰ ਪੰਚ, ਜੋਗਿੰਦਰ ਸਿੰਘ ਸਾਬਕਾ ਸਰਪੰਚ ਹਰਵਿੰਦਰ ਪੰਚ, ਪਰਮਜੀਤ ਕੌਰ ਪੰਚ, ਸੁਖਵਿੰਦਰ ਕੌਰ ਪੰਚ ਸਮੇਤ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਪਿੰਡ ਦੀ ਇਸ ਸਮੱਸਿਆ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਲਟਕੀ ਆ ਰਹੀ ਹੈ, ਬਾਰੇ ਕਈ ਵਾਰ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਕਿਸੇ ਨੇ ਇਸ ਸਮੱਸਿਆ ਵੱਲ ਧਿਆਨ ਦੇਣਾ ਠੀਕ ਨਹੀਂ ਸਮਝਿਆ।   ਪਿੰਡ ਵਾਸੀਆਂ ਤੇ ਪੰਚਾਇਤ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਛੱਪੜਾਂ ਦਾ ਪਾਣੀ ਤਾਂ ਇਕੱਠਾ ਹੋਇਆ ਪਿਆ ਸੀ, ਉਪਰੋਂ ਬਰਸਾਤੀ ਮੌਸਮ ਕਾਰਨ ਸੜਕਾਂ ਪਾਣੀ ਨਾਲ ਡੁੱਬੀਆਂ ਹੋਈਆਂ ਹਨ, ਜਿਸ ਨਾਲ ਸਕੂਲੀ ਬੱਚਿਆਂ ਤੇ ਬਜ਼ੁਰਗਾਂ ਦਾ ਲੰਘਣਾ ਵੀ ਔਖਾ ਹੋਇਆ ਪਿਆ ਹੈ। ਛੱਪੜ ਤੇ ਬਰਸਾਤੀ ਪਾਣੀ ਦੇ ਇਕੱਠੇ ਹੋਣ ਨਾਲ ਇਲਾਕੇ ਵਿਚ ਗੰਦੀ ਬਦਬੂ ਫੈਲੀ ਹੋਈ ਹੈ।
ਪਿੰਡ ਵਾਸੀਆਂ ਨੂੰ ਇਹ ਡਰ ਲੱਗਾ ਹੋਇਆ ਹੈ ਕਿ ਕਿਧਰੇ ਕੋਈ ਵਿਅਕਤੀ ਭਿਆਨਕ ਬੀਮਾਰੀ ਦਾ ਸ਼ਿਕਾਰ ਨਾ ਹੋ ਜਾਵੇ। ਪੰਚਾਇਤ ਦਾ ਕਹਿਣਾ ਹੈ ਕਿ ਬੀਤੀ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਛੱਪੜਾਂ ਦੀ ਸਫਾਈ ਲਈ ਪੰਚਾਇਤ ਨੂੰ 6 ਲੱਖ ਰੁਪਏ ਦਿੱਤੇ ਸਨ ਤਾਂ ਕਿ ਇਨ੍ਹਾਂ ਛੱਪੜਾਂ ਦੀ ਸਫਾਈ ਕਰਵਾਈ ਜਾ ਸਕੇ। ਪੰਚਾਇਤ ਨੇ ਤਾਂ ਕੰਮ ਸ਼ੁਰੂ ਕਰਵਾ ਦਿੱਤਾ ਸੀ ਪਰ ਏਅਰਫੋਰਸ ਅਧਿਕਾਰੀਆਂ ਨੇ ਇਸ ਕੰਮ ਨੂੰ ਰੋਕਣ ਸਬੰਧੀ ਇਕ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਦਿੱਤੀ, ਜਿਸ ‘ਤੇ ਬੀ. ਡੀ. ਪੀ. ਓ. ਵੱਲੋਂ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਪਰ ਹੁਣ ਪਿੰਡ ਸਥਿਤੀ ਇਹ ਬਣੀ ਹੋਈ ਹੈ ਕਿ ਇਕ ਪਾਸੇ ਬਰਸਾਤ ਦਾ ਪਾਣੀ ਉਪਰੋਂ ਛੱਪੜ ਦਾ ਪਾਣੀ ਸੜਕਾਂ ਤੇ ਲੋਕਾਂ ਘਰਾਂ ਵਿਚ ਦਾਖਲ ਚੁੱਕਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਿੰਡ ਵਿਚ ਕੋਈ ਵਿਅਕਤੀ ਜਾਂ ਬੱਚਾ ਕਿਸੇ ਭਿਆਨਕ ਬੀਮਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।

Be the first to comment

Leave a Reply