ਜਦੋਂ ਕਿਸਾਨ ਰੋਹ ਅੱਗੇ ਬੇਵੱਸ ਹੋਈ ਪੁਲਿਸ – ਗ੍ਰਿਫਤਾਰੀ ਲਈ ਲਲਕਾਰਣ ਦੇ ਬਾਵਜੂਦ ਨਾ ਕੀਤਾ ਗ੍ਰਿਫਤਾਰ

ਫ਼ਿਰੋਜ਼ਪੁਰ  : ਕਿਸਾਨੀ ਮੰਗਾਂ ਸਬੰਧੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ ‘ਤੇ ਅੱਜ ਫਿਰੋਜ਼ਪੁਰ ਇਕਾਈ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਕਾਮਰੇਡ ਜੁਗਿੰਦਰ ਸਿੰਘ ਖਹਿਰਾ ਅਤੇ ਕਾਮਰੇਡ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਆਪਣੇ ਆਪ ਨੂੰ ਡਿਪਟੀ ਕਮਿਸਨਰ ਦਫ਼ਤਰ ਸਾਹਮਣੇ ਗ੍ਰਿਫਤਾਰੀ ਲਈ ਪੇਸ਼ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤ ਮੁਜ਼ਾਹਰਾਕਾਰੀ ਵੀ ਸ਼ਾਮਲ ਸਨ। ਹੱਕੀ ਮੰਗਾਂ ਦੀ ਪੂਰਤੀ ਲਈ ਕਿਸਾਨਾਂ ਦੇ ਰੋਹ ਅੱਗੇ ਪੁਲਿਸ ਬੇਵੱਸ ਨਜ਼ਰ ਆਈ, ਕਿਸਾਨ ਆਗੂਆਂ ਵੱਲੋਂ ਵਾਰ ਵਾਰ ਲਲਕਾਰਣ ਦੇ ਬਾਵਜੂਦ ਪੁਲਿਸ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ। ਕਿਸਾਨ ਆਗੂਆਂ ਮੌਕੇ ‘ਤੇ ਮੌਜੂਦ ਥਾਣਾ ਕੈਂਟ ਮੁੱਖੀ ਨੂੰ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕਰੋਂ ਜਾਂ ਹੱਥ ਖੜੇ ਕਰੋ ਪਰ ਪੁਲਿਸ ਮੁੱਖੀ ਵਾਰ ਵਾਰ ਕਿਸਾਨ ਆਗੂਆਂ ਨੂੰ ਡਿਪਟੀ ਕਮਿਸ਼ਨਰ ਨਾਲ ਮਿਲਵਾਉਣ ਬਾਰੇ ਕਹਿੰਦੇ ਰਹੇ ਜਿਸ ਨੂੰ ਕਿਸਾਨ ਆਗੂਆਂ ਇਹ ਕਹਿ ਕੇ ਠੁਕਰਾ ਦਿੱਤਾ ਕਿ ਕਿਸਾਨਾਂ ਦੀਆਂ ਇਹ ਮੰਗਾਂ ਡਿਪਟੀ ਕਮਿਸ਼ਨਰ ਦੇ ਵੱਸ ਦੀ ਹੀ ਗੱਲ ਨਹੀ ਅਤੇ ਇਹਨਾਂ ਬਾਰੇ ਡਿਪਟੀ ਕਮਿਸ਼ਨਰ ਰਾਹੀਂ ਪਹਿਲਾਂ ਵੀ ਕਈ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤਾਂ ਉਸ ਸਮੇਂ ਡੀ.ਸੀ ਨੇ ਕੁਝ ਨਹੀ ਕੀਤਾ ਹੁਣ ਤਾਂ ਬੱਸ ਸਾਨੂੰ ਗ੍ਰਿਫਤਾਰ ਕਰੋ ਜਿਸ ਉਪਰੰਤ ਵੀ ਪੁਲਿਸ ਦੀ ਖਾਮੋਸ਼ ‘ਤੇ ਕਿਸਾਨਾਂ ਵੱਲੋਂ ਉਥੇ ਵੀ ਜੰਮ ਕੇ ਨਾਅਰੇਬਾਜੀ ਕੀਤੀ।  ਕਰੀਬ ਇੱਕ ਘੰਟੇ ਦੀ ਕਸ਼ਮਕਸ਼ ਉਪਰੰਤ ਘਰੋਂ ਤਿਆਰੀ ਕਰਕੇ ਆਏ ਕਿਸਾਨ ਗ੍ਰਿਫਤਾਰੀ ਨਾ ਹੋਣ ਤੋਂ ਨਿਰਾਸ਼ ਵਾਪਸ ਪਰਤ ਗਏ।ਇਸ ਤੋਂ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਕੱਤਰ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਹੰਸਾ ਸਿੰਘ ਸੂਬਾ ਜਨਰਲ ਸਕੱਤਰ ਬਾਰਡਰ ਏਰੀਆ ਸੰਘਰਸ਼ ਕਮੇਟੀ ਤੇ ਜ਼ਿਲ੍ਹਾ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਅਤੇ ਕਾਮਰੇਡ ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰ ਸੀ.ਪੀ.ਆਈ (ਐਮ) ਨੇ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ 2014 ਵਿੱਚ ਪਾਰਲੀਮੈਂਟ ਚੋਣਾਂ ਲੜਦਿਆਂ ਵਾਰ ਵਾਰ ਰੈਲੀਆਂ ਵਿੱਚ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ ‘ਤੇ ਕਿਸਾਨਾਂ ਲਈ ਸੁਆਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰੇਗਾ ਪਰ ਸਵਾ ਤਿੰਨ ਸਾਲ ਬੀਤਣ ‘ਤੇ ਵੀ ਉਹ ਆਪਣੇ ਵਾਅਦੇ ਤੋਂ ਭੱਜ ਗਿਆ ਹੈ ਜਿਸ ਦਾ ਨਤੀਜਾ ਹੈ ਕਿ ਕਿਸਾਨਾਂ ਨੂੰ ਉਸ ਦੀਆਂ ਉਪਜ਼ਾਂ ਦਾ ਪੂਰਾ ਮੁੱਲ ਨਾ ਮਿਲਣ ਕਾਰਣ ਅੱਜ ਖੇਤੀ ਘਾਟੇਵੰਦ ਸੌਦਾ ਹੋ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਬਹੁ ਗਿਣਤੀ ਕਿਸਾਨ ਕਰਜਾਈ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਕਮਿਊਨਿਸਟ ਆਗੂਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੰਘੀਆਂ ਵਿਧਾਨ ਸਭਾ ਚੋਣਾ ਸਮੇਂ ਵਾਰ ਵਾਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜ ਮਹੀਨੇ ਬੀਤਣ ‘ਤੇ ਵੀ ਅਜੇ ਤੱਕ ਕਰਜੇ ਮੁਆਫ ਨਹੀ ਕੀਤਾ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕਰਜੇ ਮੁਆਫ ਕਰਨ ਦੀ ਝਾਕ ਵਿੱਚ ਕਿਸਾਨ ਨੇ ਜੋ ਪਹਿਲਾਂ ਥੋੜੇ ਬਹੁਤ ਕਰਜੇ ਮੋੜਦੇ ਸਨ, ਉਹ ਵੀ ਨਹੀ ਮੋੜ। ਜਿਸ ਕਾਰਨ ਹੁਣ ਕਿਸਾਨਾਂ ਨੂੰ ਕਰਜਾ ਨਹੀ ਮਿਲ ਰਿਹਾ ਅਤੇ ਉਹ ਹੋਰ ਤੰਗ ਹੋ ਗਏ ਹਨ। ਕਿਸਾਨ ਆਗੂਆਂ ਨੇਮ ਮੰਗ ਕੀਤੀ ਕਿ ਮੁੱਖ ਮੰਤਰੀ ਆਪਣੇ ਵਾਅਦੇ ਅਨੁਸਾਰ ਸਮੁੱਚੇ ਕਰਜੇ ਮੁਆਫ ਕਰੇ, ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਬਜ਼ੁਰਗਾਂ ਨੂੰ ਸਰਕਾਰ ਵਾਅਦੇ ਅਨੁਸਾਰ ਦੋ ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਹਿੰਦ ਪਾਕਿ ਕੌਮਾਂਤਰੀ ਸਰਹੱਦ ‘ਤੇ ਤਾਰ ਤੋਂ ਪਾਰਲੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਲਦ ਦਿੱਤਾ ਜਾਵੇ। ਇਸ ਮੌਕੇ ਮਹਿੰਦਰ ਸਿੰਘ ਕਾਲੂ ਅਰਾਈਂ, ਪਾਲ ਸਿੰਘ ਮੱਟੂ ਕਿਸ਼ੋਰ ਕੇ, ਗੁਲਜ਼ਾਰ ਸਿੰਘ, ਲਾਲ ਸਿੰਘ ਗੱਟੀ ਮੱਤੜ, ਲਖਵਿੰਦਰ ਸਿੰਘ, ਜਰਨੈਲ ਸਿੰਘ ਮੱਖੂ, ਲਖਵਿੰਦਰ ਸਿੰਘ ਮੱਖੂ, ਲਾਲੋ ਬੀਬੀ ਅਤੇ ਪਾਸ਼ੋ ਬੀਬੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Be the first to comment

Leave a Reply