ਜਦੋਂ ਭਾਜਪਾ ਵਰਕਰ ਦੇ ਹੱਕ ਵਿੱਚ ਬੋਲਣਾ ਸਾਬਕਾ ਵਿਧਾਇਕ ਨੂੰ ਪਿਆ ਮਹਿੰਗਾ

ਫ਼ਿਰੋਜ਼ਪੁਰ,  : ਕਾਂਗਰਸ ਸਰਕਾਰ ਦੇ ਸਤਾ ਵਿੱਚ ਆਉਣ ਉਪਰੰਤ ਪੰਜਾਬ ਵਿੱਚ ਸ਼ੁਰੂ ਹੋਈ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਬੀਤੀ 1 ਜੂਨ ਨੂੰ ਪੁਲਿਸ ਵੱਲੋਂ ਕਥਿਤ ਤੌਰ ‘ਤੇ ਹਿਰਾਸਤ ਵਿੱਚ ਲਏ ਇੱਕ ਭਾਜਪਾ ਵਰਕਰ ਦੇ ਹੱਕ ਵਿੱਚ ਪੁਲਿਸ ਖਿਲਾਫ ਨਾਅਰੇਬਾਜੀ ਕਰਨੀ ਅਤੇ ਥਾਣੇ ਮੂਹਰੇ ਧਰਨਾ ਲਾਉਣਾ ਇੱਕ ਸਾਬਕਾ ਵਿਧਾਇਕ ਨੂੰ ਓਸ ਵੇਲੇ ਮਹਿੰਗਾ ਪੈ ਗਿਆ ਜਦੋਂ ਫ਼ਿਰੋਜ਼ਪੁਰ ਪੁਲਿਸ ਨੇ ਮਹੀਨੇ ਬਾਅਦ ਫ਼ਿਰੋਜ਼ਪੁਰ ਸ਼ਹਿਰ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਨੰਨੂ, ਭਾਜਪਾ ਦਿਹਾਤੀ ਮੰਡਲ ਪ੍ਰਧਾਨ ਕਿੱਕਰ ਸਿੰਘ ਅਤੇ ਇੱਕ ਮਹਿਲਾ ਭਾਜਪਾ ਵਰਕਰ ਸਮੇਤ ਪੰਜ ਵਿਅਕਤੀਆਂ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਣ ਪਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਦਿੱਤਾ।
ਥਾਣਾ ਮੁੱਖੀ ਇੰਸਪੈਕਟਰ ਸਤਵਿੰਦਰ ਸਿੰਘ ਦੇ ਬਿਆਨਾਂ ‘ਤੇ ਬੀਤੀ ਅੱਧੀ ਰਾਤ ਦਰਜ ਕੀਤੇ ਇਸ ਮੁਕੱਦਮਾ ਨੰਬਰ 185 ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੁਖਪਾਲ ਸਿੰਘ ਨੰਨੂ ਸਾਬਕਾ ਵਿਧਾਇਕ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਥਾਣਾ ਸਿਟੀ ਫ਼ਿਰੋਜ਼ਪੁਰ ਵਿੱਚ ਧਾਰਾ 307/34 ਆਈ.ਪੀ.;ਸੀ ਤੇ ਆਰਮਜ਼ ਐਕਟ ਤਹਿਤ ਦਰਜ ਮੁਕੱਦਮੇ ਦੇ ਵਿਰੋਧ ਵਿੱਚ ਪੁਲਿਸ ਕਰਮਚਾਰੀਆਂ ਦੀ ਡਿਊਟੀ ਵਿੱਚ ਵਿਘਣ ਪਾਇਆ ਅਤੇ ਪੁਲਿਸ ਖਿਲਾਫ ਗੈਰ ਜਿੰਮੇਵਾਰਾਨਾ ਨਾਅਰੇਬਾਜੀ ਕੀਤੀ ਹੈ। ਥਾਣਾ ਸਿਟੀ ਪੁਲਿਸ ਨੇ ਇੰਸਪੈਕਟਰ ਸਤਵਿੰਦਰ ਸਿੰਘ ਦੇ ਬਿਆਨਾਂ ‘ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਗੁਰਚਰਨ ਸਿੰਘ, ਸੁਰਜੀਤ ਕੌਰ, ਦਰਸ਼ਨ ਨੰਬਰਦਾਰ, ਕਿੱਕਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਨਾਮਲੂਮ ਵਿਅਕਤੀਆਂ ਖਿਲਾਫ ਧਾਰਾ 146/186/353/506 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਜਿਕਰਯੋਗ ਹੈ ਕਿ ਬੀਤੀ 17 ਮਈ ਨੂੰ ਇੱਕ ਕਾਂਗਰਸੀ ਵਰਕਰ ‘ਤੇ ਕਾਤਲਾਨਾਂ ਹਮਲੇ ਦੋਸ਼ਾਂ ਤਹਿਤ ਥਾਣਾ ਸਿਟੀ ਪੁਲਿਸ ਵੱਲੌਂ ਭਾਜਪਾ ਕੌਸਲਰ ਪ੍ਰੇਮ ਰਾਣੀ ਤੇ ਉਸਦੇ ਪਰਿਵਾਰਿਕ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਸਿਟੀ ਪੁਲਿਸ ਵੱਲੋਂ ਇੱਕ ਭਾਜਪਾ ਵਰਕਰ ਕੁਲਦੀਪ ਸਿੰਘ ਨੂੰ ਵੀ  ਇਸ ਮੁਕੱਦਮੇ ਵਿੱਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵਿੱਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਸਮੇਤ ਭਾਜਪਾ ਆਗੂਆਂ ਅਤੇ ਵਰਕਰਾਂ ਦੇ 1 ਜੂਨ ਨੂੰ ਥਾਣਾ ਸਿਟੀ ਵਿਖੇ ਆਪਣੇ ਆਪ ਨੂੰ ਹੱਥਕੜੀ ਲਗਾਉਂਦਿਆਂ ਪੁਲਿਸ ਜਿਆਦਤੀ ਦਾ ਵਿਰੋਧ ਦਰਜ ਕੀਤਾ ਸੀ। ਪੁਲਿਸ ਵੱਲੋਂ ਇਥੇ ਵੀ ਸਾਬਕਾ ਵਿਧਾਇਕ ਦੀ ਗੱਲ ਨਾਲ ਸੁਨਣ ‘ਤੇ ਸੁਖਪਾਲ ਸਿੰਘ ਨੰਨੂ ਵੱਲੋਂ ਸਾਥੀਆਂ ਸਮੇਤ ਥਾਣੇ ਮੂਹਰੇ ਧਰਨਾ ਦਿੰਦਿਆਂ ਪੁਲਿਸ ਖਿਲਾਫ ਨਾਅਰੇਰਬਾਜੀ ਕੀਤੀ ਸੀ। ਇਸੇ ‘ਰਜਿੰਸ਼’ ਤਹਿਤ ਕਥਿਤ ਰਾਜਸੀ ਉਤਰਾਅ ਚੜ੍ਹਾਅ ਦੇ ਚੱਲਦਿਆਂ ਲੰਬਾਂ ਸਮਾਂ ਚੁੱਪ ਰਹਿਣ ਤੋਂ ਬਾਅਦ ਬੀਤੀ ਰਾਤ ਅਚਾਨਕ ਥਾਣਾ ਸਿਟੀ ਪੁਲਿਸ ਵੱਲੋਂ ਸਾਬਕਾ ਵਿਧਾਇਕ ਅਤੇ ਭਾਜਪਾ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਨੰਨੂ, ਦਿਹਾਤੀ ਮੰਡਲ ਪ੍ਰਧਾਨ ਕਿੱਕਰ ਸਿੰਘ ਅਤੇ ਇੱਕ ਮਹਿਲਾ ਵਰਕਰ ਸਮੇਤ ਪੰਜਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਉਧਰ ਸੰਪਰਕ ਕਰਨ ‘ਤੇ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ ਤਹਿਤ ਕੀਤੀ ਗਈ ਹੈ ਜਦ ਕਿ ਉਹਨਾਂ ਤਾਂ ਪੁਲਿਸ ਜਿਆਦਤੀ ਖਿਲਾਫ ਰੋਸ ਜਾਹਿਰ ਕੀਤਾ ਸੀ।

Be the first to comment

Leave a Reply