ਜਦੋਂ ਰੁਜ਼ਗਾਰ ਹੀ ਨਹੀਂ ਤਾਂ ਕੋਟੇ ਦਾ ਕੀ ਫਾਇਦਾ – ਨਿਤਿਨ ਗਡਕਰੀ

ਮੁੰਬਈ – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਖਵਾਂਕਰਨ ਰੁਜ਼ਗਾਰ ਦੀ ਗਾਰੰਟੀ ਨਹੀਂ ਦਿੰਦਾ ਕਿਉਂਕਿ ਰੁਜ਼ਗਾਰ ਹੀ ਨਹੀਂ ਹੈ। ਮਰਾਠਾ ਲੋਕਾਂ ਵੱਲੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਮੁਜ਼ਾਹਰੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ, ‘‘ ਚਲੋ ਮੰਨ ਲੈਂਦੇ ਹਾਂ ਕਿ ਰਾਖਵਾਂਕਰਨ ਦੇ ਦਿੱਤਾ ਗਿਆ। ਪਰ ਰੁਜ਼ਗਾਰ ਨਹੀਂ ਹੈ। ਆਈਟੀ ਕਾਰਨ ਬੈਂਕਾਂ ਵਿੱਚ ਨੌਕਰੀਆਂ ਘੱਟ ਗਈਆਂ ਹਨ। ਸਰਕਾਰੀ ਭਰਤੀ ਬੰਦ ਹੋ ਗਈ ਹੈ। ਨੌਕਰੀਆਂ ਕਿੱਥੇ ਹਨ। ’’ ਉਨ੍ਹਾਂ ਕਿਹਾ ਕਿ ਕੋਟੇ ਨਾਲ ਸਮੱਸਿਆ ਇਹ ਹੈ ਕਿ ਪੱਛੜਾਪਣ ਰਾਜਨੀਤਕ ਹਿੱਤ ਬਣ ਗਿਆ ਹੈ। ਹਰ ਵਿਅਕਤੀ ਕਹਿੰਦਾ ਹੈ ਕਿ ਉਹ ਪੱਛੜੀਆਂ ਜਾਤੀਆਂ ਨਾਲ ਸਬੰਧਤ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਬ੍ਰਾਹਮਣ ਮਜ਼ਬੂਤ ਹਨ, ਉਹ ਰਾਜਨੀਤੀ ’ਤੇ ਹਾਵੀ ਹਨ ਪਰ ਉਹ ਕਹਿੰਦੇ ਹਨ ਕਿ ਉਹ ਪੱਛੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਸਕੁੂਲੀ ਵਿਚਾਰ ਇਹ ਵੀ ਹੈ ਜਿਸ ’ਤੇ ਵਿਚਾਰ ਕੀਤਾ ਜਾਵੇ ਕਿ ਸਮਾਜ ਦੇ ਗਰੀਬ ਤੋਂ ਗਰੀਬ ਤਬਕੇ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮਾਜਿਕ ਆਰਥਿਕ ਵਿਚਾਰ ਹੈ ਜਿਸ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ।