ਜਹਾਜ਼ ‘ਚ ਗਲਤ ਵਿਵਹਾਰ ਕਰਨ ਵਾਲੇ ਕੈਨੇਡੀਅਨ ਨੂੰ 17,450 ਡਾਲਰਾਂ ਦਾ ਜ਼ੁਰਮਾਨਾ

ਕੈਨੇਡਾ ਦੇ ਸ਼ਹਿਰ ਮਾਂਟਰੀਅਲ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਕਿਊਬਾ-ਬਾਊਂਡ ਜਹਾਜ਼ ‘ਚ ਗਲਤ ਵਿਵਹਾਰ ਕੀਤਾ ਸੀ ਅਤੇ ਜਹਾਜ਼ ਨੂੰ ਵਾਪਸ ਮਾਂਟਰੀਅਲ ਮੁੜਨ ਲਈ ਮਜ਼ਬੂਰ ਕੀਤਾ ਸੀ, ਹੁਣ ਉਸ ਨੂੰ 17,450 ਡਾਲਰਾਂ ਦਾ ਜ਼ੁਰਮਾਨਾ ਲੱਗਾ ਹੈ। ਚਾਰਲੈਬੋਸ ਨਾਸਿਓਸ ਨਾਂ ਦੇ ਦੋਸ਼ੀ ਵਿਅਕਤੀ ਨੇ ਆਪਣੀ ਗਲਤੀ ‘ਤੇ ਮੁਆਫੀ ਮੰਗੀ ਅਤੇ ਅਦਾਲਤ ‘ਚ ਦੱਸਿਆ ਕਿ ਜੁਲਾਈ 2017 ‘ਚ ਉਸ ਦੇ ਗਲਤ ਵਿਵਹਾਰ ਕਾਰਨ ਸੰਨਵਿੰਗ ਫਲਾਈਟ ‘ਚ ਜਾ ਰਹੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ ਸੀ।
ਕਿਊਬਿਕ ਦੀ ਅਦਾਲਤ ‘ਚ ਜੱਜ ਪਾਇਰੇ ਡੁਪੇਰਾਸ ਨੇ ਨਾਸਿਓਸ ਨੂੰ ਜ਼ੁਰਮਾਨੇ ਦੇ ਪੈਸੇ ਵਾਪਸ ਦੇਣ ਲਈ ਤਿੰਨ ਸਾਲਾਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਸਿਓਸ ਨੇ ਜਹਾਜ਼ ਦੇ ਕਰੂ ਨੂੰ ਮਾਂਟਰੀਅਲ ਵਾਪਸ ਮੁੜਨ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਕਾਰਨ ਜਹਾਜ਼ ਦਾ ਕਾਫੀ ਫਿਊਲ ਅਤੇ ਸਮਾਂ ਖਰਚ ਹੋਇਆ। ਉਸ ਸਮੇਂ ਕਰੂ ਮੈਂਬਰਾਂ ਨੂੰ ਓਵਰ ਟਾਇਮ ਲਗਾਉਣਾ ਪਿਆ ਸੀ ਅਤੇ 170 ਯਾਤਰੀਆਂ ਹੋਟਲ ‘ਚ ਰੁਕਣਾ ਪਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਘਾਟਾ ਪਿਆ ਸੀ। ਇਨ੍ਹਾਂ ਪ੍ਰੇਸ਼ਾਨੀਆਂ ਅਤੇ ਖਰਚੇ ਲਈ ਨਾਸਿਓਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਹੀ ਇਸ ਦਾ ਭੁਗਤਾਨ ਕਰਨਾ ਪਵੇਗਾ। ਅਦਾਲਤ ਨੇ ਉਸ ਦੀ ਜੇਲ ਦੀ ਸਜ਼ਾ ਨੂੰ ਵਧਾਇਆ ਨਹੀਂ ਕਿਉਂਕਿ ਉਹ ਪਹਿਲਾਂ ਹੀ ਸਜ਼ਾ ਭੁਗਤ ਚੁੱਕਾ ਹੈ। ਉਂਝ ਉਸ ‘ਤੇ 3 ਸਾਲਾਂ ਲਈ ਕੁੱਝ ਰੋਕਾਂ ਲਗਾਈਆਂ ਗਈਆਂ ਹਨ।