ਜਹਾਜ਼ ‘ਚ ਬੱਚੀ ਨੇ ਲੱਤਾਂ ਮਾਰ-ਮਾਰ ਕੇ ਕੋਲ ਬੈਠੀ ਔਰਤ ਨੂੰ ਕੀਤਾ ਜ਼ਖਮੀ

ਅਮਰੀਕਾ ‘ਚ ਡੈਲਟਾ ਏਅਰਲਾਈਨਜ਼ ਦੇ ਜਹਾਜ਼ ‘ਚ ਸਫਰ ਦੌਰਾਨ ਇਕ ਔਰਤ ਨੂੰ ਬਹੁਤ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਸੈਲੀ ਕੈਨੇਰੀਓ ਨਾਂ ਦੀ ਔਰਤ ਨੇ ਦੱਸਿਆ ਕਿ ਉਹ 2 ਅਪ੍ਰੈਲ ਨੂੰ ਲਾਸ ਏਂਜਲਸ ਤੋਂ ਮਿਨੀਇਪੋਲਿਸ ਜਾਣ ਵਾਲੇ ਜਹਾਜ਼ ‘ਚ ਸਫਰ ਕਰ ਰਹੀ ਸੀ। ਉਸ ਦੇ ਨਾਲ ਇਕ ਔਰਤ ਬੈਠੀ ਸੀ, ਜੋ ਛੋਟੀ ਬੱਚੀ ਦੀ ਮਾਂ ਸੀ। ਉਸ ਨੇ ਦੱਸਿਆ ਕਿ ਔਰਤ ਆਪਣੀ ਬੱਚੀ ਨੂੰ ਸੌਂਣ ਲਈ ਕਹਿ ਰਹੀ ਸੀ। ਬੱਚੀ ਆਪਣੀ ਮਾਂ ਦੀ ਗੋਦੀ ‘ਚ ਸੀ ਪਰ ਉਸ ਦੇ ਪੈਰ ਸੈਲੀ ਵੱਲ ਸਨ। ਬੱਚੀ ਰੋ ਰਹੀ ਸੀ ਅਤੇ ਜ਼ਿੱਦ ਕਰ ਰਹੀ ਸੀ। ਉਸ ਦੀ ਮਾਂ ਉਸ ਨੂੰ ਸੁਲਾਉਂਦੀ ਰਹੀ ਪਰ ਬੱਚੀ ਚੀਕਾਂ ਮਾਰ-ਮਾਰ ਕੇ ਸਭ ਨੂੰ ਤੰਗ ਕਰਨ ਲੱਗੀ। ਬੱਚੀ ਨੇ ਸੈਲੀ ਦੇ ਲੱਤਾਂ ਮਾਰੀਆਂ। ਉਸ ਨੇ ਕਿਹਾ ਕਿ ਬੱਚੀ ਨੇ ਉਸ ਦੀ ਪਿੱਠ ਅਤੇ ਪੇਟ ‘ਤੇ ਜ਼ੋਰ-ਜ਼ੋਰ ਨਾਲ ਲੱਤਾਂ ਮਾਰੀਆਂ।
ਪ੍ਰੇਸ਼ਾਨ ਸੈਲੀ ਨੇ ਫਲਾਈਟ ਅਟੈਂਡੈਂਟ ਕੋਲੋਂ ਮਦਦ ਮੰਗੀ ਅਤੇ ਕਿਹਾ ਕਿ ਉਸ ਦੀ ਸੀਟ ਬਦਲ ਦਿੱਤੀ ਜਾਵੇ ਪਰ ਉਨ੍ਹਾਂ ਨੇ ਉਸ ਦੀ ਪ੍ਰੇਸ਼ਾਨੀ ਦਾ ਕੋਈ ਹੱਲ ਨਾ ਕੱਢਿਆ। ਜਦ ਸੈਲੀ ਨੇ ਕਿਹਾ ਕਿ ਉਹ ਇੰਜਰੀ ਰਿਪੋਰਟ (ਜ਼ਖਮੀ ਹੋਣ) ਦਰਜ ਕਰਵਾਉਣਾ ਚਾਹੁੰਦੀ ਹੈ ਤਾਂ ਇਸ ‘ਤੇ ਫਲਾਈਟ ਅਟੈਂਡੈਂਟ ਨੇ ਕਿਹਾ ਕਿ ਉਹ ਬੇਬੀ ਸਿਟਰ (ਨੌਕਰਾਣੀ) ਨਹੀਂ ਅਤੇ ਇਹ ਮਾਮਲਾ ਉਹ ਦੋਵੇਂ ਔਰਤਾਂ ਆਪਸ ‘ਚ ਸੁਲਝਾ ਲੈਣ। ਉਸ ਨੇ ਸੈਲੀ ਨੂੰ ਇਹ ਵੀ ਕਿਹਾ ਕਿ ਉਹ ਤਾਂ ਜ਼ਖਮੀ ਹੋਈ ਹੀ ਨਹੀਂ ਤਾਂ ਫਿਰ ਉਹ ਰਿਪੋਰਟ ਕਿਉਂ ਲਿਖੇ?  ਸੈਲੀ ਨੇ ਕਿਹਾ ਕਿ ਪ੍ਰੇਸ਼ਾਨ ਕਰਨ ਵਾਲੀ ਬੱਚੀ ਦੀ ਮਾਂ ਨੇ ਕਰੂ ਮੈਂਬਰਾਂ ਨੂੰ ਕਿਹਾ ਕਿ ਸੈਲੀ ਨੂੰ ਉਹ ਪ੍ਰੇਸ਼ਾਨ ਨਹੀਂ ਕਰ ਰਹੇ। ਸੈਲੀ ਨੇ ਕਿਹਾ ਕਿ ਉਸ ਦੀ ਪਿੱਠ ਅਤੇ ਪੇਟ ‘ਤੇ ਕਈ ਵਾਰ ਲੱਤਾਂ ਵੱਜੀਆਂ ਅਤੇ ਉਹ ਦਰਦ ਨਾਲ ਤੜਫਦੀ ਰਹੀ। ਜਦ ਉਸ ਨੇ ਡਾਕਟਰ ਕੋਲੋਂ ਜਾਂਚ ਕਰਵਾਈ ਤਾਂ ਡਾਕਟਰ ਨੇ ਕਿਹਾ ਕਿ ਇਕ ਹਫਤੇ ਤਕ ਉਹ ਠੀਕ ਹੋ ਜਾਵੇਗੀ। ਸੈਲੀ ਨੇ ਟਵਿੱਟਰ ‘ਤੇ ਆਪਣੀ ਪਿੱਠ ਦੀ ਤਸਵੀਰ ਪਾਉਂਦਿਆਂ ਦੱਸਿਆ ਕਿ ਵਾਰ-ਵਾਰ ਲੱਤਾਂ ਵੱਜਣ ਕਾਰਨ ਉਸ ਦੀ ਪਿੱਠ ਲਾਲ ਹੋ ਗਈ ਅਤੇ ਲਗਾਤਾਰ ਦਰਦ ਕਰ ਰਹੀ ਹੈ। ਉਸ ਨੇ ਕਿਹਾ ਏਅਰਲਾਈਨਜ਼ ਵਾਲਿਆਂ ਨੂੰ ਪਰਿਵਾਰ ਵਾਲਿਆਂ ਨੂੰ ਇਕੱਠੇ ਸੀਟ ਦੇਣੀ ਚਾਹੀਦੀ ਹੈ ਅਤੇ ਸੀਟਾਂ ਦਾ ਪ੍ਰਬੰਧ ਠੀਕ ਤਰ੍ਹਾਂ ਹੋਣਾ ਚਾਹੀਦਾ ਹੈ। ਏਅਰਲਾਈਨਜ਼ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।