ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ ਯੂ. ਕੇ. ਵਲੋਂ 130 ਮੀਲ ਚੈਰਿਟੀ ਸਾਈਕਲ ਯਾਤਰਾ

ਲੰਡਨ –  ਸਮੈਦਿਕ ਦੇ ਗੁਰਦੁਆਰਾ ਸਾਹਿਬ ਤੋਂ ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ (ਸਾਕਾ) ਯੂ. ਕੇ. ਵਲੋਂ ਹਰ ਸਾਲ ਕੀਤੀ ਜਾਂਦੀ ਚੈਰਿਟੀ ਸਾਈਕਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਾਕਾ ਬਾਈਕ ਰਾਈਡ ਦੇ ਨਾਮ ਨਾਲ ਜਾਣੀ ਜਾਂਦੀ ਸਾਈਕਲ ਯਾਤਰਾ ਪਿਛਲੇ 33 ਸਾਲਾਂ ਤੋਂ ਲਗਾਤਾਰ ਹਰ ਸਾਲ ਕੀਤੀ ਜਾ ਰਹੀ ਹੈ। ਸਮੈਦਿਕ ਤੋਂ ਸ਼ੁਰੂ ਹੋ ਕੇ ਕਾਵੈਂਟਰੀ, ਡਾਵੈਂਟਰੀ, ਮਿਲਟਨ ਕੀਨਜ਼ ਹੁੰਦੇ ਹੋਏ ਸਾਈਕਲ ਚਾਲਕਾਂ ਨੇ ਪਹਿਲੇ ਦਿਨ ਲੂਟਨ ਗੁਰਦੁਆਰਾ ਸਾਹਿਬ ਵਿਖੇ ਰਾਤ ਗੁਜ਼ਾਰੀ। ਦੂਜੇ ਦਿਨ ਸੇਂਟ ਐਲਬਾਨਸ, ਰੈੱਡਲੈੱਡ, ਐਲਸਟਰੀ ਆਦਿ ਦਾ 130 ਮੀਲ ਸਫ਼ਰ ਤੈਅ ਕਰਕੇ ਯਾਤਰੀ ਸਾਊਥਾਲ ਪਾਰਕ ਪਹੁੰਚੇ।“ਵੈੱਲ ਚਾਈਲਡ“ਲਈ ਦਾਨ ਰਾਸ਼ੀ ਇਕੱਠੀ ਕਰਨ ਹਿਤ ਹੋਈ ਇਸ ਯਾਤਰਾ ਦੌਰਾਨ ਸਾਊਥਾਲ ਜਰਨੈਲੀ ਸੜਕ ਉੱਪਰ ਸੰਸਥਾ ਦੇ ਵਾਹਨ ਅਤੇ ਸਾਈਕਲ ਸਵਾਰਾਂ ਨੂੰ ਲੋਕ ਖੜ-ਖੜ ਦੇਖ ਰਹੇ ਸਨ। ਉੱਤਮ ਕਾਰਜ ਲਈ ਤੁਰੇ ਵਲੰਟੀਅਰ ਢੋਲ ਦੀ ਤਾਲ ‘ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਦੇਖੇ ਗਏ। ਸ਼ਾਇਰ ਬਿੱਟੂ ਖੰਗੂੜਾ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਅਜਿਹੇ ਉਪਰਾਲੇ ਜਿੱਥੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ, ਉੱਥੇ ਤੰਦਰੁਸਤੀ ਦਾ ਹੋਕਾ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕ ਵੀ ਬਰਤਾਨਵੀ ਸਮਾਜ ਦਾ ਅਨਿੱਖੜਵਾਂ ਅੰਗ ਬਣ ਕੇ ਵਿਚਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜਦੋਂ ਵੀ ਕਦੇ ਅਜਿਹੇ ਕਾਰਜ ਲਈ ਕੋਈ ਆਪਣਾ ਪਸੀਨਾ ਵਹਾਉਂਦਾ ਹੈ ਤਾਂ ਉਸਦੀ ਤਿਲ-ਫੁੱਲ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਵੀ ਉਸ ਕਾਰਜ ਦਾ ਹਿੱਸਾ ਬਣ ਸਕੀਏ।

Be the first to comment

Leave a Reply