ਜਾਪਾਨ ਦੇ ਪ੍ਰਧਾਨ ਮੰਤਰੀ ਦਾ ਜ਼ੋਰਦਾਰ ਸਵਾਗਤ, ਮੋਦੀ ਤੇ ਐਬੇ ਵੱਲੋਂ ਅਹਿਮਦਾਬਾਦ ’ਚ ਰੋਡ ਸ਼ੋਅ

ਅਹਿਮਦਾਬਾਦ – ਦੋ-ਰੋਜ਼ਾ ਫੇਰੀ ’ਤੇ ਅੱਜ ਇਥੇ ਪੁੱਜੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਵੱਕੜੀ ਵਿੱਚ ਲੈ ਕੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਵੱਲੋਂ ਭਲਕੇ ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਪਹਿਲੀ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਪ੍ਰਾਜੈਕਟ ਦੇ 2022 ਤਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਰੇਲ ਵੱਲੋਂ 500 ਕਿਲੋਮੀਟਰ ਤੋਂ ਵੱਧ ਪੈਂਡਾ ਦੋ ਘੰਟਿਆਂ ’ਚ ਤੈਅ ਕੀਤਾ ਜਾਵੇਗਾ। ਸਵਾਗਤੀ ਸਮਾਰੋਹ ਦੇ ਤੁਰੰਤ ਬਾਅਦ ਸ੍ਰੀ ਐਬੇ, ਉਨ੍ਹਾਂ ਦੀ ਪਤਨੀ ਐਕਾਈ ਅਤੇ ਸ੍ਰੀ ਮੋਦੀ ਨੇ ਬਿਨਾਂ ਛੱਤ ਵਾਲੀ ਜੀਪ ’ਚ ਹਵਾਈ ਅੱਡੇ ਤੋਂ ਸਾਬਰਮਤੀ ਆਸ਼ਰਮ ਤਕ 8  ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਸ੍ਰੀ ਐਬੇ ਅਹਿਮਦਾਬਾਦ ਹਵਾਈ ਅੱਡੇ ’ਤੇ ਕੋਟ-ਪੈਂਟ ਪਾ ਕੇ ਆਏ ਸਨ ਪਰ ਸਾਬਰਮਤੀ ਆਸ਼ਰਮ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕੁੜਤਾ-ਪਜਾਮਾ ਤੇ ਨੀਲੇ ਰੰਗ ਦੀ ਨਹਿਰੂ ਜੈਕੇਟ ਪਹਿਨ ਲਈ। ਉਨ੍ਹਾਂ ਦੀ ਪਤਨੀ ਨੇ ਲਾਲ ਰੰਗ ਦੀ ਸਲਵਾਰ-ਕਮੀਜ਼ ਅਤੇ ਸਫੈਦ ਰੰਗ ਦਾ ਦੁਪੱਟਾ ਲਿਆ ਸੀ। ਦੋਵੇਂ ਆਗੂਆਂ ਨੇ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਿਆ ਅਤੇ ਰਸਤੇ ’ਚ ਰਿਵਾਇਤੀ ਨਾਚ ਦੇਖੇ। ਮਹਾਤਮਾ ਗਾਂਧੀ ਵੱਲੋਂ ਬਣਾਏ ਸਾਬਰਮਤੀ ਆਸ਼ਰਮ ’ਚ ਸ੍ਰੀ ਐਬੇ ਤੇ ਉਨ੍ਹਾਂ ਦੀ ਪਤਨੀ ਨੇ ਰਾਸ਼ਟਰ ਪਿਤਾ ਨੂੰ ਅਕੀਦਤ ਪੇਸ਼ ਕੀਤੀ। ਗਾਂਧੀਨਗਰ ’ਚ ਭਲਕੇ ਜਦੋਂ ਸ੍ਰੀ ਮੋਦੀ ਆਪਣੇ ਜਾਪਾਨੀ ਹਮਰੁਤਬਾ ਨਾਲ ਸਾਲਾਨਾ ਗੱਲਬਾਤ ਕਰਨਗੇ ਤਾਂ ਰੱਖਿਆ ਤੇ ਸੁਰੱਖਿਆ ਖੇਤਰ ’ਚ ਸਹਿਯੋਗ ਉਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤ ਵੱਲੋਂ ਜਾਪਾਨ ਤੋਂ ਯੂਐਸ-2 ਧਰਤੀ ਤੇ ਪਾਣੀ ਵਿੱਚ ਮਾਰ ਕਰਨ ਵਾਲੇ ਲੜਾਕੂ   ਜਹਾਜ਼ ਖਰੀਦਣ ਅਤੇ ਸਾਂਝੇ ਤੌਰ ’ਤੇ ਫ਼ੌਜੀ ਸਾਜੋ-ਸਾਮਾਨ ਤਿਆਰ ਕਰਨ  ਬਾਰੇ ਗੱਲਬਾਤ ਹੋ ਸਕਦੀ ਹੈ।

Be the first to comment

Leave a Reply