ਜਿਹੜੇ ਅਧਿਆਪਕ ਆਪਣਾ ਨਤੀਜਾ ‘ਜ਼ੀਰੋ’ ਦਿਖਾਉਂਦੇ ਹਨ, ਨੂੰ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤ

ਸਮਰਾਲਾ -ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਫੈਸਲਾ ਲੈਂਦਿਆਂ ਕਿਹਾ ਹੈ ਕਿ ਜੋ 50 ਸਾਲ ਤੋਂ ਵੱਧ ਉਮਰ ਦੇ ਅਧਿਆਪਕ ਤੇ ਅਧਿਕਾਰੀ ਕੰਮ ਚੋਰ ਹਨ, ਡਿਊਟੀ ਪ੍ਰਤੀ ਲਾਪ੍ਰਵਾਹ ਹਨ ਤੇ ਜੋ ਵਿਦੇਸ਼ਾਂ ਵਿਚ ਬੈਠੇ ਹਨ ਜਾਂ ਜਿਨ੍ਹਾਂ ਦੇ ਵਿਦਿਆਰਥੀ ਆਪਣਾ ਨਤੀਜਾ ‘ਜ਼ੀਰੋ’ ਦਿਖਾਉਂਦੇ ਹਨ, ਨੂੰ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤ ਕਰ ਦਿੱਤਾ ਜਾਵੇਗਾ। ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਵਿਚ ਅਜਿਹੇ ਅਧਿਆਪਕਾਂ ਤੇ ਅਧਿਕਾਰੀਆਂ ਦੀ ਸ਼ਨਾਖਤ ਕਰਨ ਲਈ ਮੰਡਲ ਸਿੱਖਿਆ ਅਫ਼ਸਰ, ਜ਼ਿਲਾ ਸਿੱਖਿਆ ਅਫ਼ਸਰ (ਸੈ. ਸਿ.) ਅਤੇ ਜ਼ਿਲਾ ਸਿੱਖਿਆ ਅਫ਼ਸਰ (ਐ. ਸਿ.) ਕੋਲੋਂ ਸਕਰੀਨਿੰਗ ਕਰਨ ਤੋਂ ਬਾਅਦ ਸੂਚੀਆਂ ਮੰਗੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਸਖ਼ਤ ਸ਼ਬਦਾਂ ਵਿਚ ਲਿਖਿਆ ਗਿਆ ਹੈ ਕਿ ਜਿਹੜੇ ਅਧਿਆਪਕ ਜਾਂ ਕਰਮਚਾਰੀ ਆਪਣੇ ਕੰਮਾਂ ਵਿਚ ਰੁਚੀ ਨਹੀਂ ਦਿਖਾਉਂਦੇ, ਜਿਨ੍ਹਾਂ ਦਾ ਆਚਰਣ ਠੀਕ ਨਹੀਂ ਤੇ ਜੋ ਛੁੱਟੀ ਆਦਿ ‘ਤੇ ਹੀ ਰਹਿੰਦੇ ਹਨ, ਦੀਆਂ ਸੂਚੀਆਂ ਤੁਰੰਤ ਭੇਜੀਆਂ ਜਾਣ। ਇਸ ਤੋਂ ਇਲਾਵਾ ਜਿਹੜੇ ਅਧਿਆਪਕਾਂ ਦੇ ਨਤੀਜੇ ਜ਼ੀਰੋ ਫੀਸਦੀ ਆਉਂਦੇ ਹਨ ਤੇ ਉਹ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਉਨ੍ਹਾਂ ਦੀਆਂ ਸੂਚੀਆਂ ਦੀ ਵੀ ਮੰਗ ਕੀਤੀ ਗਈ ਹੈ।
ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਲੰਮੇ ਸਮੇਂ ਤੋਂ ਗੈਰ-ਹਾਜ਼ਰ ਹਨ ਜਾਂ ਵਿਦੇਸ਼ਾਂ ਵਿਚ ਵਸੇ ਹੋਏ ਹਨ, ਬਾਰੇ ਵੇਰਵੇ ਵੀ ਜਲਦੀ ਭੇਜ ਦਿੱਤੇ ਜਾਣ। ਵਿਭਾਗ ਦੇ ਇਸ ਪੱਤਰ ਤੋਂ ਬਾਅਦ ਉਪਰੋਕਤ ਖਾਮੀਆਂ ਰੱਖਣ ਵਾਲੇ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਚੁੱਕੀ ਹੈ।

Be the first to comment

Leave a Reply