ਜੀ. ਐੱਸ. ਟੀ. ਦਾ ਵਿਰੋਧ ਬਰਕਰਾਰ, ਬੰਦ ਰਹੀ ਹੋਲਸੇਲ ਕੱਪੜਾ ਮਾਰਕੀਟ

ਹੁਸ਼ਿਆਰਪੁਰ— ਹਾਲਾਂਕਿ ਬੀਤੀ 1 ਜੁਲਾਈ ਤੋਂ ਦੇਸ਼ ਭਰ ‘ਚ ਜੀ. ਐੱਸ. ਟੀ. ਲਾਗੂ ਹੋ ਚੁੱਕਿਆ ਹੈ, ਇਸ ਦੇ ਬਾਵਜੂਦ ਇਸ ਦਾ ਕੱਪੜਾ ਵਪਾਰੀਆਂ ਵੱਲੋਂ ਪੂਰੇ ਦੇਸ਼ ‘ਚ ਇਕਜੁੱਟਤਾ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਹੋਲਸੇਲ ਕਲਾਥ ਮਰਚੈਂਟਸ ਐਸੋਸੀਏਸ਼ਨ ਵੱਲੋਂ ਕਾਰੋਬਾਰ ਪੂਰਨ ਤੌਰ ‘ਤੇ ਬੰਦ ਕਰਕੇ ਕਣਕ ਮੰਡੀ ਚੌਕ ‘ਚ ਇਕ ਰੋਸ ਰੈਲੀ ਕੱਢੀ ਗਈ, ਜਿਸ ‘ਚ ਸਮੂਹ ਹੋਲਸੇਲ ਕੱਪੜਾ ਵਪਾਰੀ ਸ਼ਾਮਲ ਹੋਏ। ਇਸ ਤੋਂ ਬਾਅਦ ਵਪਾਰੀਆਂ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ ਦੀ ਅਗਵਾਈ ‘ਚ ਇਕ ਰੋਸ ਮਾਰਚ ਕੱਢਿਆ ਗਿਆ, ਜੋ ਕਿ ਕਣਕ ਮੰਡੀ ਤੋਂ ਸ਼ੁਰੂ ਹੋ ਕੇ ਦਾਲ ਬਾਜ਼ਾਰ, ਪ੍ਰਤਾਪ ਚੌਕ ਅਤੇ ਕਸ਼ਮੀਰੀ ਬਾਜ਼ਾਰ ‘ਚੋਂ ਹੁੰਦੇ ਹੋਏ ਘੰਟਾਘਰ ਚੌਕ ‘ਚ ਸਮਾਪਤ ਹੋਇਆ।
ਰੋਸ ਮਾਰਚ ‘ਚ ਸ਼ਾਮਲ ਪ੍ਰਧਾਨ ਸੁਰੇਸ਼ ਭਾਟੀਆ ਤੋਂ ਇਲਾਵਾ ਉਪ ਪ੍ਰਧਾਨ ਬਿੰਦੂ ਐਰੀ, ਦੀਪਕ ਜੈਨ, ਸੰਦੀਪ ਸਿੰਘ, ਬਲਬੀਰ ਸਿੰਘ, ਰਾਜੇਸ਼ ਕੁਮਾਰ, ਅਮਨਦੀਪ ਸਿੰਘ, ਰਵੀ ਜੈਨ, ਰਾਕੇਸ਼ ਅਰੋੜਾ, ਸੰਜੇ ਗੁਪਤਾ, ਮਹੇਸ਼ ਆਨੰਦ, ਸੰਜੀਵ ਜੈਨ, ਗਿੰਨੀ ਜੈਨ, ਜਸਦੀਪ ਸਿੰਘ, ਦੀਪਕ ਖੰਨਾ, ਸੁਮਿਤ ਗੁਪਤਾ, ਤਰਨਦੀਪ ਸਿੰਘ, ਅਮਿਤ ਗੁਪਤਾ, ਰਾਜਦੀਪ ਸਿੰਘ, ਜਗਮੋਹਨ ਸਿੰਘ, ਅਮਿਤ ਵਿਗ, ਅਵਤਾਰ ਕ੍ਰਿਸ਼ਨ, ਰਾਕੇਸ਼ ਅਗਰਵਾਲ ਆਦਿ ਨੇ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਤੋਂ ਕੱਪੜੇ ਉੱਤੋਂ ਜੀ. ਐੱਸ. ਟੀ. ਵਾਪਸ ਲੈਣ ਦੀ ਮੰਗ ਕੀਤੀ। ਵਪਾਰੀਆਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਕੱਪੜੇ ‘ਤੇ ਕਦੀ ਵੀ ਸੇਲਜ਼ ਟੈਕਸ ਅਤੇ ਵੈਟ ਨਹੀਂ ਲੱਗਿਆ।
ਲਾਠੀਚਾਰਜ ਦੀ ਸਖਤ ਨਿੰਦਾ: ਪ੍ਰਦਰਸ਼ਨਕਾਰੀਆਂ ਨੇ ਸੂਰਤ ‘ਚ ਪੁਲਸ ਵੱਲੋਂ ਕੱਪੜਾ ਵਪਾਰੀਆਂ ‘ਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਨੇ ਇਸ ਲਈ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।

Be the first to comment

Leave a Reply

Your email address will not be published.


*