
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਅੰਬਾਲਾ ਵਿਖੇ ਮਾਰਪੀਟ ਦਾ ਸ਼ਿਕਾਰ ਹੋਏ ਹਰਜੀਤ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਡਰਾਈਵਰ ਨਿਯੁਕਤ ਕੀਤਾ ਹੈ। ਅੱਜ ਕਮੇਟੀ ਦਫ਼ਤਰ ਵਿਖੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਨ ਪਰਿਵਾਰ ਸਹਿਤ ਪੁੱਜੇ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ।
ਦਰਅਸਲ 15 ਜੁਲਾਈ ਨੂੰ ਅੰਬਾਲਾ ਦੇ ਮੁਲਾਣਾ ਨੇੜੇ ਹਰਜੀਤ ਸਿੰਘ ਨੂੰ ਬਸ ਤੋਂ ਲਾਹ ਕੇ ਇੱਟ-ਪੱਥਰਾਂ ਨਾਲ ਮਾਰਪੀਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਜਿਸਤੋਂ ਬਾਅਦ ਕਮੇਟੀ ਵੱਲੋਂ ਤਿੰਨ ਕਮੇਟੀ ਮੈਂਬਰ ਗੁਰਮੀਤ ਸਿੰਘ ਭਾਟਿਆ, ਹਰਜੀਤ ਸਿੰਘ ਪੱਪਾ ਅਤੇ ਸਰਬਜੀਤ ਸਿੰਘ ਵਿਰਕ ਨੂੰ ਮਾਮਲੇ ਦੀ ਜਾਂਚ ਲਈ ਅੰਬਾਲਾ ਭੇਜਿਆ ਗਿਆ ਸੀ। ਕਮੇਟੀ ਦੇ ਦਖਲ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਜਦਕਿ ਪੀੜਤ ਹਰਜੀਤ ਸਿੰਘ ਆਪਣਾ ਟੱਰਕ ਲੈ ਕੇ ਮੱਧ ਪ੍ਰਦੇਸ਼ ਨੂੰ ਚਲੇ ਗਏ ਸਨ।
ਜੀ.ਕੇ. ਨੇ ਕਿਹਾ ਕਿ ਕਾਤਿਲਾਨਾ ਹਮਲੇ ਦੇ ਬਾਵਜੂਦ ਅੱਜ ਹਰਜੀਤ ਸਿੰਘ ਸਾਡੇ ਨਾਲ ਬੈਠੇ ਹਨ।ਇਹ ਸਕੂਨ ਵਾਲੀ ਗੱਲ ਹੈ। ਪਰ ਲਗਾਤਾਰ ਜਿਸ ਤਰੀਕੇ ਨਾਲ ਭਾਰਤ ’ਚ ਸਿੱਖਾਂ ਨੂੰ ਕੇਸ਼ਾਂ ਤੋਂ ਫੜਕੇ ਮਾਰਪੀਟ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਹ ਹੈਰਾਨੀਜਨਕ ਹਨ। ਸੂਬਾ ਸਰਕਾਰਾਂ ਨੂੰ ਅਜਿਹੇ ਮਸਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਖਦਸਾ ਜਤਾਉਂਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਬਹੁਤ ਮਜਬੂਤ ਹੈ ਤੇ ਅਹਿਜੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਮਾਮਲੇ ਮੁਲਕ ਦੇ ਹਾਲਾਤ ਵਿਗਾੜਨ ਦਾ ਕਾਰਨ ਬਣ ਸਕਦੇ ਹਨ। ਕਿਉਂਕਿ ਲੋਕੀ ਬਿਨਾਂ ਤਥਾਂ ਦੀ ਪੜਤਾਲ ਕੀਤੇ ਛੇਤੀ ਭਾਵੁਕ ਹੋ ਜਾਂਦੇ ਹਨ। ਇਸ ਸਬੰਧੀ ਜੀ.ਕੇ. ਨੇ ਬੀਤੇ ਦਿਨੀਂ ਰਾਜੌਰੀ ਗਾਰਡਨ ਵਿਖੇ ਸਿੱਖ ਬੱਚੇ ਦੇ ਕੇਸ਼ ਕਤਲ ਹੋਣ ਸਬੰਧੀ ਮਸਲੇ ਨੂੰ ਹਮਲੇ ਵੱਜੋਂ ਦੱਸਣ ਦੇ ਪੀੜਤ ਵੱਲੋਂ ਦਿੱਤੇ ਗਏ ਬਿਆਨ ਦੇ ਬਾਅਦ ’ਚ ਝੂਠਾ ਸਾਬਿਤ ਹੋਣ ਦਾ ਵੀ ਹਵਾਲਾ ਦਿੱਤਾ।
ਜੀ.ਕੇ. ਨੇ ਕਿਹਾ ਕਿ ਭਾਵਨਾ ਵਿਚ ਬਹਿ ਕੇ ਥਾਣੇ ਦਾ ਘੇਰਾਵ ਕਰ ਰਹੀ ਸਿੱਖ ਸੰਗਤ ਜੇਕਰ ਅਹਿੰਸਕ ਹੋ ਜਾਂਦੀ ਤਾਂ ਪੁਲਿਸ ਵੱਲੋਂ ਮਾਮਲੇ ਨੂੰ ਨਜਿਠਣ ਦੌਰਾਨ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਇਸ ਲਈ ਸੋਸ਼ਲ ਮੀਡੀਆ ਦੇ ਹਰ ਸੁਨੇਹੇ ਦੀ ਪੜਤਾਲ ਜਰੂਰੀ ਹੈ। ਜੀ.ਕੇ. ਨੇ ਹਰਜੀਤ ਸਿੰਘ ਨੂੰ ਬਤੌਰ ਡਰਾਈਵਰ ਨਿਯੂਕਤੀ ਪੱਤਰ ਦੇਣ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲਾਂਗਰੀ ਭਾਈ ਚਰਣਜੀਤ ਸਿੰਘ ਦੀ ਮੌਤ ਦੀ ਸੋਸ਼ਲ ਮੀਡੀਆ ’ਤੇ ਚਲੀ ਝੂਠੀ ਖ਼ਬਰ ਦਾ ਵੀ ਜਿਕਰ ਕੀਤਾ। ਜੀ.ਕੇ. ਨੇ ਸੰਸਾਰ ਭਰ ਵਿਚ ਸਿੱਖਾਂ ਨਾਲ ਹੋਣ ਵਾਲੇ ਕਿਸੇ ਵੀ ਧੱਕੇ ਖਿਲਾਫ਼ ਦਿੱਲੀ ਕਮੇਟੀ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
Leave a Reply
You must be logged in to post a comment.