ਜੇਕਰ ਪੰਜਾਬ ਸਰਕਾਰ ਚਾਹੇ ਤਾ ਖੁਦਕੁਸ਼ੀਆਂ ਤੋਂ ਬਚਾ ਸਕਦੀ ਹੈ ਕਿਸਾਨਾਂ ਨੂੰ

ਚੇਤਨਪੁਰਾ/ਗੁਰੂ ਕਾ ਬਾਗ – ਤਹਿਸੀਲ ਅਜਨਾਲਾ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਤੇੜਾ ਕਲਾਂ ਦੇ ਕਿਸਾਨ ਮੇਜਰ ਨੇ ਬੀਤੇ ਕੱਲ ਖੁਦਕੁਸ਼ੀ ਕਰ ਲਈ ਤੇ ਉਸ ਦੀ ਜੇਬ ‘ਚੋਂ ਸੁਸਾਈਡ ਨੋਟ ਮਿਲਿਆ, ਜਿਸ ‘ਚ ਲਿਖਿਆ ਹੈ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਹੈ, ਮੈਂ ਇਸ ਕਰ ਕੇ ਖੁਦਕੁਸ਼ੀ ਕਰ ਰਿਹਾ ਹਾਂ ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰ ਕੇ ਵੋਟਾਂ ਪਵਾ ਲਈਆਂ ਤੇ ਕਰਜ਼ਾ ਮੁਆਫ਼ ਨਹੀਂ ਕੀਤਾ। ਮੰਗਲਵਾਰ ਮੇਜਰ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਤੇ ਉਨ੍ਹਾਂ ‘ਚ ਇਕ ਵਾਅਦਾ ਇਹ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ 3 ਮਹੀਨੇ ਦੇ ਕਰੀਬ ਹੋ ਗਏ ਹਨ ਸਰਕਾਰ ਬਣੀ ਨੂੰ ਤੇ ਕਰਜ਼ਾ ਮੁਆਫ਼ ਕਰਨ ਦਾ ਸਿਰਫ਼ ਐਲਾਨ ਹੀ ਹੋਇਆ ਹੈ, ਉਹ ਵੀ ਸਾਰਾ ਨਹੀਂ, ਸਿਰਫ਼ 5 ਏਕੜ ਵਾਲੇ ਕਿਸਾਨਾਂ ਦਾ 2 ਲੱਖ ਮੁਆਫ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਵੀ ਸਿਰਫ਼ ਸੁਸਾਇਟੀਆਂ ਦਾ ਹੀ।  ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਰਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਸਾਰਾ 1 ਲੱਖ ਕਰੋੜ ਰੁਪਏ ਹੈ ਜੋ ਕਿਵੇਂ ਮੁਆਫ਼ ਕੀਤਾ ਜਾ ਸਕਦਾ ਹੈ। ਵੋਟਰਾਂ (ਕਿਸਾਨਾਂ) ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਉਹ ਦਿਨ ਕਦੋਂ ਆਵੇਗਾ ਜਦੋਂ ਇਨ੍ਹਾਂ ‘ਤੇ ਰੋਕ ਲੱਗੇਗੀ। ਖਹਿਰਾ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰਾਂ ਚਾਹੁਣ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਤੋਂ ਬਚਾ ਸਕਦੀਆਂ ਹਨ, ਮੌਜੂਦਾ ਲੀਡਰਾਂ ਦਾ ਸਿਰਫ਼ ਕਿਸਾਨਾਂ ਵੱਲੋਂ ਵਰਤੀਆਂ ਜਾਂਦੀਆਂ ਕੀੜੇਮਾਰ ਦਵਾਈਆਂ ‘ਚ ਕਮਿਸ਼ਨ ਰਾਹੀਂ ਪੈਸੇ ਕਮਾਉਣ ਵੱਲ ਹੀ ਵੱਧ ਧਿਆਨ ਰਹਿੰਦਾ ਹੈ। ਕੈਪਟਨ ਸਾਹਿਬ ਨੇ ਕਰਜ਼ਾ ਮੁਆਫ਼ੀ ਤੇ ਹਰ ਘਰ ਨੌਕਰੀ ਅਤੇ ਮੋਬਾਇਲ ਮੁਹੱਈਆ ਕਰਵਾਉਣ ਦੇ ਫਾਰਮ ਭਰ ਕੇ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਲਈਆਂ ਹਨ ਤੇ ਉਕਤ ਵਾਅਦਿਆਂ ‘ਚੋਂ ਕੋਈ ਵੀ ਪੂਰਾ ਨਾ ਕਰ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਵੱਲੋਂ ਝੂਠੇ ਲਾਰੇ ਲਾਉਣ ਕਾਰਨ ਹੀ ਕਿਸਾਨ ਮੇਜਰ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਮੇਜਰ ਸਿੰਘ ਦਾ ਸਾਰਾ ਕਰਜ਼ਾ ਤੁਰੰਤ ਮੁਆਫ਼ ਕੀਤਾ ਜਾਵੇ ਅਤੇ ਇਸ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤਾਂ ਜੋ ਇਸ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਵਾਈਸ ਪ੍ਰਧਾਨ ਪੰਜਾਬ, ਜਗਜੋਤ ਸਿੰਘ ਖਾਲਸਾ, ਜਸਵਿੰਦਰ ਸਿੰਘ ਜਹਾਂਗੀਰ, ਪ੍ਰਗਟ ਸਿੰਘ ਚੋਗਾਵਾਂ, ਮੁਨੀਸ਼ ਅਗਰਵਾਲ, ਭੁਪਿੰਦਰਜੀਤ ਕੌਰ, ਰਵਿੰਦਰ ਹੰਸ, ਗੁਰਤੇਜਪਾਲ, ਬਲਦੇਵ ਸਿੰਘ ਤੇੜਾ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ, ਪਲਵਿੰਦਰ ਸਿੰਘ ਮਾਹਲ, ਸ਼ਿਵਾਨੀ ਸ਼ਰਮਾ, ਆਰ. ਐੱਸ. ਬਾਜਵਾ, ਹਰਦੀਪ ਸਿੰਘ ਢੱਡੇ, ਮੈਨੇਜਰ ਪ੍ਰਗਟ ਸਿੰਘ ਤੇੜਾ ਤੇ ਗੁਰਵਿੰਦਰ ਸਿੰਘ ਗਿੰਦੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।   ਵਰਣਨਯੋਗ ਹੈ ਕਿ ਅੱਜ ਕਿਸਾਨਾਂ ਨੇ ਤਹਿਸੀਲ ਅਜਨਾਲਾ ਵਿਖੇ ਐੱਸ. ਡੀ. ਐੱਮ. ਅੱਗੇ ਧਰਨਾ ਵੀ ਲਾਇਆ ਕਿ ਕਰਜ਼ਾ ਮੁਆਫ਼ ਕਰਵਾਉਣ ਅਤੇ 10 ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਤੇ ਐੱਸ. ਡੀ. ਐੱਮ. ਵੱਲੋਂ ਭਰੋਸਾ ਦੇਣ ਉਪਰੰਤ ਕਿਸਾਨ ਮੇਜਰ ਸਿੰਘ ਦਾ ਸੰਸਕਾਰ ਕੀਤਾ ਗਿਆ।

Be the first to comment

Leave a Reply