ਜੇ ਗਗਨਦੀਪ ਬਚਾ ਨਾਂ ਕਰਦਾ ਤਾਂ ਭੜਕ ਸਕਦੇ ਸਨ ਫਿਰਕੂ ਦੰਂਗੇ

ਬੈਲਜ਼ੀਅਮ – ਪਿਛਲੇ ਦਿਨੀ ਉਤਰਾਖੰਡ ਸੂਬੇ ਦੇ ਜ਼ਿਲ੍ਹੇ ਨੈਨੀਤਾਲ ਵਿਚਲੇ ਪੁਲਿਸ ਥਾਣੇ ਰਾਮਪੁਰ ਨੇੜਲੇ ਪਿੰਡ ਦੇ ਇਤਿਹਾਸਿਕ ਗਿਰਜੀਆ ਦੇਵੀ ਮੰਦਰ ਵਿੱਚ ਭੜਕੀ ਭੀੜ ਵੱਲੋਂ ਇੱਕ ਮੁਸਲਿਮ ਨੌਜਵਾਂਨ ਨੂੰ ਇੱਕ ਹਿੰਦੂ ਲੜਕੀ ਨਾਲ ਪ੍ਰੇਮ ਕਰਨ ਦੀ ਸਜ਼ਾ ਵੱਜੋਂ ਮਾਰਨ ਲਈ ਇਕੱਤਰ ਹੋਈ ਬੇਕਾਬੂ ਭੀੜ ‘ਤੋਂ ਬਚਾਉਣ ਵਾਲੇ ਸਿੱਖ ਪੁਲਿਸ ਅਫਸਰ ਦੀ ਦੁਨੀਆਂ ਭਰ ਵਿੱਚ ਚਰਚਾ ਜੋਰਾਂ ਤੇ ਹੈ। ਨੈਨੀਤਾਲ ਜ਼ਿਲ੍ਹੇ ਦੇ ਰਾਮ ਨਗਰ ਵਿੱਚ ਤਾਇਨਾਤ ਗਗਨਦੀਪ ਸਿੰਘ ਬਾਰੇ ਪਤਾ ਲੱਗਾ ਹੈ ਕਿ ਉਹ ਦੋ ਕੁ ਸਾਲ ਪਹਿਲਾਂ ਹੀ ਐਮ ਕਾਂਮ ਕਰਨ ਉਪਰੰਤ ਉਤਰਾਖੰਡ ਪੁਲਿਸ ਵਿੱਚ ਭਰਤੀ ਹੋਇਆ ਸੀ। ਗਗਨਦੀਪ ਦੇ ਛੋਟੇ ਹੁੰਦਿਆਂ ਹੀ ਪਿਤਾ ਜੀ ਦੇ ਅਕਾਲ ਚਲਾਣਾ ਕਰਨ ਬਾਅਦ ਮਾਤਾ ਅਤੇ ਦਾਦੀ ਨੇ ਪਾਲਣ ਪੋਸਣ ਕੀਤਾ ਹੈ। ਗਗਨਦੀਪ ਬੇਸੱਕ ਅਮ੍ਰਿਤਧਾਰੀ ਨਹੀ ਪਰ ਪੱਕਾ ਸਾਕਾਹਾਰੀ ਹੈ ਤੇ 1986 ‘ਤੋਂ ਬਾਅਦ ਉਹਨਾਂ ਦੇ ਘਰ ਕਦੇ ਮੀਟ-ਸ਼ਰਾਬ ਨਹੀ ਆਇਆ। ਦਾਦੀ ਬੇਸੱਕ ਹੁਣ ਵਿਦੇਸ਼ ਵਿੱਚ ਰਹਿੰਦੇ ਨੇ ਪਰ ਮਹੀਨੇ ਵਿੱਚ ਇੱਕ ਸਹਿਜ ਪਾਠ ਜਰੂਰ ਕਰਦੇ ਹਨ। ਸਾਇਦ ਘਰ ਵਿਚਲੇ ਧਾਰਮਿਕ ਮਹੌਲ ਦੀ ਹੀ ਦੇਣ ਹੈ ਕਿ ਬਿਨ੍ਹਾਂ ਸਰਵਿਸ ਰਿਵਾਲਵਰ ਬਾਹਰ ਕੱਢਿਆਂ ਗਗਨਦੀਪ ਦੇ ਵੱਡੇ ਜਿਗਰੇ ਨੇ ਇੱਕ ਨਿਹੱਥੇ ਮੁਸਲਿਮ ਨੌਜਵਾਂਨ ਨੂੰ ਸੈਂਕੜਿਆਂ ਦੀ ਭੀੜ ‘ਤੋਂ ਬਚਾ ਲਿਆ। ਸ਼ੋਸ਼ਲ ਮੀਡੀਏ ‘ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓੁ ਵਿੱਚ ਸਾਫ ਨਜ਼ਰ ਆਉਦਾ ਹੈ ਕਿ ਜੇ ਇਹ ਸਰਦਾਰ ਗਗਨਦੀਪ ਸਿੰਘ ਬਚਾਅ ਨਾਂ ਕਰਦਾ ਤਾਂ ਕਾਬੂ ਨੌਜਵਾਂਨ ਨੂੰ ਭਗਵੀਂ ਭੀੜ ਨੇ ਬਹੁਤ ਭਿਆਨਕ ਮੌਤ ਮਾਰਨਾਂ ਸੀ ਤੇ ਇਸ ਕਤਲ ਬਾਅਦ ਫਿਰਕੂ ਦੰਗੇਂ ਭੜਕਣੇ ਭਾਰਤ ਵਿੱਚ ਆਂਮ ਜਿਹੀ ਗੱਲ ਆ ਜਿਸਦੀਆਂ ਬਹੁਤ ਸਾਰੀਆਂ ਉਦਾਹਰਨਾਂ ਪਿਛਲੇ ਸਮੇਂ ਵਿੱਚ ਅਸੀਂ ਦੇਖ-ਸੁਣ ਚੁੱਕੇ ਹਾਂ। ਗਗਨਦੀਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਰਿਸਤਦਾਰੀ ‘ਚੋਂ ਉਹਨਾਂ ਦੇ ਮਾਮਾ ਲਗਦੇ ਬੈਲਜ਼ੀਅਮ ਵਾਸੀ ਤਰਸੇਮ ਸਿੰਘ ਸ਼ੇਰਗਿੱਲ ਦਸਦੇ ਹਨ ਕਿ ਗਗਨਦੀਪ ਨੂੰ ਲੋਕ ਸੇਵਾ ਦਾ ਚਾਅ ਹੀ ਐਨਾਂ ਹੈ ਜਿਸ ਕਾਰਨ ਉਹ ਪੁਲਿਸ ਵਿੱਚ ਭਰਤੀ ਹੋਇਆ ਵਰਨਾਂ ਉਹ ਇਕੱਲਾ 60 ਏਕੜ ਜਮੀਨ ਦਾ ਮਾਲਕ ਹੈ ਤੇ ਇੱਕੋ ਭੈਣ ਇਸੇ ਸਾਲ ਦੇ ਸੁਰੂ ਵਿੱਚ ਵਿਆਹੀ ਹੈ ਜੋ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਡਾਕਟਰ ਹਨ। ਗਗਨਦੀਪ ਸਿੰਘ ਦੇ ਚਾਹੁਣ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਚਾਹੀਦਾਂ ਹੈ ਕਿ ਉਹ ਉਸਦੇ ਵੱਲੋਂ ਅਪਣੀ ਜਾਂਨ ਜੋਖਮ ਵਿੱਚ ਪਾ ਕੇ ਨਿਭਾਏ ਫਰਜ਼ ਨੂੰ ਦੇਖਦਿਆਂ ਉਸਦਾ ਬਣਦਾ ਮਾਣ-ਸਨਮਾਂਨ ਕਰਨ।