ਜੰਮੂ ਕਸ਼ਮੀਰ ਵਿੱਚ ਗਵਰਨਰੀ ਰਾਜ ਲਾਗੂ

ਸ੍ਰੀਨਗਰ – ਜੰਮੂ ਕਸ਼ਮੀਰ ਵਿੱਚ ਅੱਜ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਰਾਜ ਦੀ ਵਿਧਾਨ ਸਭਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜਪਾਲ ਐਨ ਐਨ ਵੋਹਰਾ ਨੇ ਸ੍ਰੀਨਗਰ ਵਿੱਚ ਵੱਖ ਵੱਖ ਮੀਟਿੰਗਾਂ ਕਰ ਕੇ ਸੁਰੱਖਿਆ ਉਪਰਾਲਿਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਫ਼ੌਜੀ ਅਪਰੇਸ਼ਨ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਅਤੇ ਇਨ੍ਹਾਂ ’ਤੇ ਗਵਰਨਰ ਦੇ ਸ਼ਾਸਨ ਦਾ ਕੋਈ ਅਸਰ ਨਹੀਂ ਪਵੇਗਾ। ਪਿਛਲੇ ਇਕ ਦਹਾਕੇ ਦੌਰਾਨ ਇਸ ਸਰਹੱਦੀ ਰਾਜ ਵਿੱਚ ਚੌਥੀ ਵਾਰ ਤੇ ਪਿਛਲੇ ਚਾਰ ਦਹਾਕਿਆਂ ਦੌਰਾਨ ਅੱਠਵੀਂ ਵਾਰ ਗਵਰਨਰੀ ਰਾਜ ਲਾਗੂ ਕੀਤਾ ਗਿਆ ਹੈ। ਪਿਛਲੇ ਚਾਰ ਵਾਰ ਦੇ ਗਵਰਨਰੀ ਰਾਜ ਦੀ ਵਾਗਡੋਰ ਸ੍ਰੀ ਵੋਹਰਾ ਨੇ ਹੀ ਸੰਭਾਲੀ ਹੈ ਜੋ ਜੂਨ 2008 ਵਿੱਚ ਰਾਜਪਾਲ ਨਿਯੁਕਤ ਕੀਤੇ ਗਏ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਵਿੱਚ ਫ਼ੌਰੀ ਤੌਰ ’ਤੇ ਗਵਰਨਰੀ ਰਾਜ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀਨਗਰ ਵਿੱਚ ਜਾਰੀ ਕੀਤੇ ਇਕ ਸਰਕਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਜਪਾਲ ਸ੍ਰੀ ਵੋਹਰਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਮੁਅੱਤਲ ਕਰ ਦਿੱਤਾ ਹੈ। ਮੌਜੂਦਾ ਵਿਧਾਨ ਸਭਾ ਦੀ ਮਿਆਦ ਮਾਰਚ 2021 ਵਿੱਚ ਖਤਮ ਹੋਣੀ ਹੈ। ਕੱਲ੍ਹ ਭਾਜਪਾ ਵੱਲੋਂ ਸਰਕਾਰ ਤੋਂ ਹਮਾਇਤ ਵਾਪਸ ਲੈਣ ਮਗਰੋਂ ਮਹਿਬੂਬਾ ਮੁਫ਼ਤੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਰਾਤੀਂ ਸ੍ਰੀ ਵੋਹਰਾ ਨੇ ਰਾਸ਼ਟਰਪਤੀ ਭਵਨ ਨੂੰ ਰਿਪੋਰਟ ਭੇਜ ਕੇ ਗਵਰਨਰੀ ਰਾਜ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਜੰਮੂ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਕਰ ਕੇ ਇੱਥੇ ਰਾਸ਼ਟਰਪਤੀ ਰਾਜ ਦੀ ਥਾਂ ਗਵਰਨਰੀ ਰਾਜ ਲਾਗੂ ਕੀਤਾ ਜਾਂਦਾ ਹੈ। ਰਾਜਪਾਲ ਦੀ ਰਿਪੋਰਟ ਦੇ ਵੇਰਵੇ ਫ਼ੌਰੀ ਤੌਰ ’ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਭਿਜਵਾ ਦਿੱਤੇ ਗਏ ਸਨ ਜਿਨ੍ਹਾਂ ਬੁੱਧਵਾਰ ਸ਼ਾਮੀਂ ਸੁਰੀਨਾਮ ਪਹੁੰਚਣਾ ਸੀ। ਰਾਜ ਦੇ ਪ੍ਰਸ਼ਾਸਨ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਵੋਹਰਾ ਨੇ ਸ੍ਰੀਨਗਰ ਵਿੱਚ ਸਿਵਿਲ ਸਕੱਤਰੇਤ ਵਿੱਚ ਪ੍ਰਮੁੱਖ ਸਿਵਿਲ ਪ੍ਰਸ਼ਾਸਨ ਤੇਪੁਲੀਸ ਅਫ਼ਸਰਾਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਚੁਣੀ ਹੋਈ ਸਰਕਾਰ ਡਿੱਗਣ ਦਾ ਕਸ਼ਮੀਰ ਵਿੱਚ ਰਲਿਆ ਮਿਲਿਆ ਪ੍ਰਤੀਕਰਮ ਦੇਖਣ ਨੂੰ ਮਿਲਿਆ। ਭਾਜਪਾ ਵੱਲੋਂ ਪੀਡੀਪੀ ਨਾਲ ਸਾਂਝ ਤੋੜਨ ਦੀ ਅਸਲ ਵਜ੍ਹਾ ਬਾਰੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ।