ਝੂਠੇ ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਤਰਨਤਾਰਨ ਦੇ ਐੱਸ. ਐੱਸ. ਪੀ. ਦਫਤਰ ਮੂਹਰੇ ਰੋਸ ਧਰਨਾ ਦਿੱਤਾ

ਤਰਨਤਾਰਨ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਤਰਨਤਾਰਨ ਦੇ ਐੱਸ. ਐੱਸ. ਪੀ. ਦਫਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ। ਧਰਨੇ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸੂਬਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਬਾਰਡਰ ਸੰਘਰਸ਼ ਕਮੇਟੀ, ਮੰਡ ਬੇਟ ਏਰੀਆ ਅਤੇ ਆਬਾਦਕਾਰ ਸੰਘਰਸ਼ ਕਮੇਟੀ ਦੇ ਕ੍ਰਮਵਾਰ ਆਗੂ ਸੁਖਦੇਵ ਸਿੰਘ ਜਵੰਦਾ, ਹਰਦੀਪ ਸਿੰਘ ਰਸੂਲਪੁਰ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਪੰਡੋਰੀ, ਅਰਸਾਲ ਸਿੰਘ ਤੇ ਨਿਰਮਲ ਸਿੰਘ ਆਦਿ ਆਗੂ ਸ਼ਾਮਲ ਹੋਏ। ਧਰਨੇ ਦੌਰਾਨ ਆਗੂ ਪ੍ਰਗਟ ਸਿੰਘ ਜਾਮਾਰਾਏ ਤੇ ਦਲਜੀਤ ਸਿੰਘ ਦਿਆਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਕੋਕਾ ਕਾਨੂੰਨ ਨੂੰ ਲਾਗੂ ਕਰ ਰਹੀ ਹੈ। ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਸੰਘਰਸ਼ ਕਰ ਰਹੇ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ ਹਨ ਅਤੇ ਉਹ ਕਈ ਵਾਰ ਐੱਸ. ਐੱਸ. ਪੀ. ਨੂੰ ਮਿਲੇ ਹਨ ਪਰ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਪਰਚੇ ਰੱਦ ਨਹੀਂ ਕੀਤੇ ਜਾ ਰਹੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਪਰਚੇ ਤੁਰੰਤ ਰੱਦ ਨਾ ਕੀਤੇ ਗਏ ਤਾਂ 1 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਮੌਕੇ ਡੀ. ਐੱਸ. ਪੀ. (ਡੀ.) ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ 10 ਜਨਵਰੀ ਨੂੰ 11 ਵਜੇ ਉਹ ਐੱਸ. ਐੱਸ. ਪੀ. ਨਾਲ ਆਗੂਆਂ ਦੀ ਮੀਟਿੰਗ ਕਰਵਾ ਦੇਣਗੇ। ਇਸ ਮੌਕੇ ਜਸਬੀਰ ਸਿੰਘ, ਚਰਨਜੀਤ ਬਾਠ, ਡਾ. ਅਜੈਬ ਸਿੰਘ, ਦਾਰਾ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ, ਰੇਸ਼ਮ ਸਿੰਘ, ਹਰਭਜਨ ਸਿੰਘ, ਬਲਦੇਵ ਪੰਡੋਰੀ, ਗੁਰਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Be the first to comment

Leave a Reply