ਟਮਾਟਰ ਅਤੇ ਪਿਆਜ਼ਾਂ ਦੀ ਮਹਿੰਗਾਈ ਤੋਂ ਪ੍ਰੇਸ਼ਾਨ ਜਨਤਾ ਨੂੰ ਜਲਦ ਰਾਹਤ ਮਿਲ ਸਕਦੀ ਹੈ

ਨਵੀਂ ਦਿੱਲੀ— ਦਿਲੀ ‘ਚ ਟਮਾਟਰ ਦੀਆਂ ਕੀਮਤਾਂ 80 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀਆਂ ਹਨ ਪਰ 15-20 ਦਿਨਾਂ ‘ਚ ਟਮਾਟਰ ਦੀ ਨਵੀਂ ਫਸਲ ਆਉਣ ਵਾਲੀ ਹੈ। ਇਸ ਤੋਂ ਬਾਅਦ ਕੀਮਤਾਂ ਘਟਣ ਦੀ ਸੰਭਾਵਨਾ ਹੈ। ਆਜ਼ਾਦਪੁਰ ਮੰਡੀ ‘ਚ ਇਕ ਟਮਾਟਰ ਕਾਰੋਬਾਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਅਤੇ ਕਰਨਾਟਕ ਵਰਗੇ ਸੂਬਿਆਂ ‘ਚ ਟਮਾਟਰ ਦੀ ਪਿਛਲੀ ਫਸਲ ਖਰਾਬ ਹੋ ਗਈ ਸੀ, ਜਿਸ ਕਾਰਨ ਆਜ਼ਾਦਪੁਰ ਮੰਡੀ ‘ਚ ਮਹੀਨੇ ਭਰ ਤੋਂ ਟਮਾਟਰ ਦੇ ਮੁੱਲ ਉੱਚੇ ਬਣੇ ਹੋਏ ਹਨ। ਅਗਲੇ ਮਹੀਨੇ ਤੋਂ ਰਾਜਸਥਾਨ, ਹਰਿਆਣਾ ਦੀ ਨਵੀਂ ਫਸਲ ਨਾਲ ਮੱਧ ਪ੍ਰਦੇਸ਼ ਅਤੇ ਕਰਨਾਟਕ ਤੋਂ ਵੀ ਨਵੀਂ ਫਸਲ ਆਉਣ ਲੱਗੇਗੀ, ਜਿਸ ਨਾਲ ਟਮਾਟਰ ਦੇ ਮੁੱਲ ਘੱਟ ਹੋ ਜਾਣਗੇ। ਕੀਮਤਾਂ ਵਧਣ ਦਾ ਪ੍ਰਮੁੱਖ ਕਾਰਨ ਕਰਨਾਟਕ ਅਤੇ ਮੱਧ ਪ੍ਰਦੇਸ਼ ‘ਚ ਹਾਲ ਹੀ ‘ਚ ਪਏ ਮੀਂਹ ਕਾਰਨ ਟਮਾਟਰ ਦੀ ਉਪਲੱਬਧਤਾ ਘਟਣਾ ਹੈ। ਦਿੱਲੀ ‘ਚ ਦੋਹਾਂ ਸੂਬਿਆਂ ਤੋਂ ਟਮਾਟਰ ਦੀ ਸਪਲਾਈ ਹੁੰਦੀ ਹੈ। ਮੱਧ ਪ੍ਰਦੇਸ਼ ‘ਚ 90 ਫੀਸਦੀ ਟਮਾਟਰ ਦੀ ਫਸਲ ਖਰਾਬ ਹੋ ਗਈ ਸੀ। ਉੱਥੇ ਹੀ ਨਵੀਂ ਫਸਲ ਆਉਣ ਨਾਲ ਜਨਵਰੀ ਤਕ ਮੰਡੀਆਂ ‘ਚ ਟਮਾਟਰ ਦੇ ਮੁੱਲ 15 ਤੋਂ 20 ਰੁਪਏ ਕਿਲੋ ਦੇ ਦਾਇਰੇ ‘ਚ ਰਹਿਣ ਦੀ ਉਮੀਦ ਹੈ। ਕਾਰੋਬਾਰੀਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਟਮਾਟਰ ਦੀ ਆਮਦ 25 ਤੋਂ 30 ਫੀਸਦੀ ਘਟੀ ਹੈ, ਜਿਸ ਕਾਰਨ ਟਮਾਟਰ ਮਹਿੰਗੇ ਹੋਏ ਹਨ ਪਰ ਜਲਦ ਸਪਲਾਈ ਵਧਣ ਨਾਲ ਕੀਮਤਾਂ ਘਟ ਜਾਣਗੀਆਂ। ਸਰਕਾਰ ਨੇ ਦੇਸ਼ ‘ਚ ਪਿਆਜ਼ਾਂ ਦੀ ਸਪਲਾਈ ਵਧਾਉਣ ਲਈ ਇਸ ਦੇ ਐਕਸਪੋਰਟ ਨੂੰ ਘੱਟ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਪਿਆਜ਼ਾਂ ‘ਤੇ ਮਿਨੀਮਮ ਐਕਸਪੋਰਟ ਪ੍ਰਾਈਸ (ਐੱਮ. ਈ. ਪੀ.) 850 ਡਾਲਰ ਪ੍ਰਤੀ ਟਨ ਲਾਗੂ ਕਰ ਦਿੱਤਾ ਹੈ। ਇਹ 31 ਦਸੰਬਰ 2017 ਤਕ ਲਾਗੂ ਰਹੇਗਾ। ਹੁਣ ਇਸ ਤੋਂ ਘੱਟ ਮੁੱਲ ‘ਤੇ ਪਿਆਜ਼ ਦੇਸ਼ ਤੋਂ ਬਾਹਰ ਨਹੀਂ ਭੇਜਿਆ ਜਾ ਸਕੇਗਾ। ਸਰਕਾਰ ਦੇ ਇਸ ਕਦਮ ਨਾਲ ਘਰੇਲੂ ਬਾਜ਼ਾਰ ‘ਚ ਪਿਆਜ਼ਾਂ ਦੀ ਸਪਲਾਈ ਵਧੇਗੀ ਅਤੇ ਕੀਮਤਾਂ ਹੇਠਾਂ ਆਉਣਗੀਆਂ। ਇਸ ਦੇ ਨਾਲ ਹੀ ਸਰਕਾਰ ਨੇ ਬਾਜ਼ਾਰ ‘ਚ ਪਿਆਜ਼ਾਂ ਦੀ ਸਪਲਾਈ ਵਧਾਉਣ ਅਤੇ ਕੀਮਤਾਂ ‘ਤੇ ਕਾਬੂ ਰੱਖਣ ਲਈ 2,000 ਟਨ ਪਿਆਜ਼ ਦਰਾਮਦ ਕਰਨ ਦਾ ਵੀ ਫੈਸਲਾ ਵੀ ਕੀਤਾ ਹੈ।

Be the first to comment

Leave a Reply