ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਪੈਦਾ ਹੋਏ ਬੈਕਲਾਗ ਨੂੰ ਖ਼ਤਮ ਕਰਨਾ ਮੁਸਕਲ

ਓਟਵਾ : ਸੀਰੀਆ ਤੋਂ ਸਰਕਾਰ ਵੱਲੋਂ ਸਪਾਂਸਰ ਕੀਤੇ ਰਫਿਊਜੀਆਂ ਨੂੰ ਕੈਨੇਡਾ ਸੱਦਣ ਦੀ ਟਰੂਡੋ ਸਰਕਾਰ ਵੱਲੋਂ ਕੀਤੀ ਗਈ ਕਾਹਲੀ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਅਜਿਹਾ ਬੈਕਲਾਗ ਪੈਦਾ ਹੋ ਗਿਆ ਹੈ ਕਿ ਉਸ ਨੂੰ ਦਰੁਸਤ ਕਰਨਾ ਮੁਸ਼ਕਲ ਹੋਵੇਗਾ। ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਚੈਰਿਟੀਜ਼ ਤੇ ਚਰਚਾਂ ਦੀ ਮਦਦ ਲਈ ਜਾਂਦੀ ਹੈ। ਟਰੂਡੋ ਦੇ ਇਸ ਸਿਆਸੀ ਫੈਸਲੇ ਕਾਰਨ ਕਈ ਜਿ਼ੰਦਗੀਆਂ ਵੀ ਦਾਅ ਉੱਤੇ ਲੱਗ ਰਹੀਆਂ ਹਨ। ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 45,000 ਦੇ ਲੱਗਭਗ ਰਫਿਊਜੀ ਅਜਿਹੇ ਹਨ ਜਿਨ੍ਹਾਂ ਨੂੰ ਚਰਚਾਂ ਤੇ ਕਮਿਊਨਿਟੀ ਗਰੁੱਪਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ, ਪਰ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ। ਇਸੇ ਦੌਰਾਨ ਟਰੂਡੋ ਸਰਕਾਰ ਅਜੇ ਵੀ ਸਰਕਾਰ ਵੱਲੋਂ ਸਪਾਂਸਰ ਕੀਤੇ ਰਫਿਊਜੀਆਂ ਨੂੰ ਤਰਜੀਹ ਦੇਣ ਤੋਂ ਨਹੀਂ ਹਟ ਰਹੀ। 2017 ਲਈ ਪ੍ਰਾਈਵੇਟ ਤੌਰ ਉੱਤੇ ਸਪਾਂਸਰ ਕੀਤੇ ਜਾਣ ਵਾਲੇ ਪ੍ਰੋਗਰਾਮ ਤਹਿਤ ਸਿਰਫ 16,000 ਰਫਿਊਜੀਆਂ ਨੂੰ ਹੀ ਥਾਂ ਮਿਲ ਸਕੇਗੀ। ਜਿਸ ਤੋਂ ਭਾਵ ਇਹ ਹੋਵੇਗਾ ਕਿ ਕੁੱਝ ਮਾਮਲਿਆਂ ਵਿੱਚ ਕੈਨੇਡੀਅਨ ਸਪਾਂਸਰਸਿ਼ਪ ਹੋਣ ਦੇ ਬਾਵਜੂਦ ਕਮਜੋ਼ਰ ਰਫਿਊਜੀਆਂ ਨੂੰ ਕਈ ਸਾਲਾਂ ਤੱਕ ਖਤਰਨਾਕ ਹਾਲਾਤ ਵਿੱਚ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਰਫਿਊਜੀ ਤਾਂ ਪਹਿਲਾਂ ਹੀ ਕੈਨੇਡਾ ਆਉਣ ਲਈ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਬੈਕਲਾਗ ਕਾਰਨ ਰਫਿਊਜੀਆਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਵੀ ਕਾਫੀ ਦੇਰ ਲੱਗ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਤੌਰ ਉੱਤੇ ਸਪਾਂਸਰ ਰਫਿਊਜੀਆਂ ਦੀਆਂ ਅਰਜ਼ੀਆਂ ਉੱਤੇ ਕਾਰਵਾਈ ਹੋਣ ਨੂੰ 56 ਮਹੀਨੇ ਤੱਕ ਦਾ ਸਮਾਂ ਲੱਗ ਜਾਂਦਾ ਹੈ ਜਦਕਿ ਸਰਕਾਰ ਵੱਲੋਂ ਸਪਾਂਸਰ ਰਫਿਊਜੀਆਂ ਦੀਆਂ ਅਰਜ਼ੀਆਂ ਨੂੰ ਔਸਤਨ 15 ਮਹੀਨਿਆਂ ਦੇ ਅਰਸੇ ਵਿੱਚ ਕਲੀਅਰ ਕਰ ਦਿੱਤਾ ਜਾਂਦਾ ਹੈ। ਟਰੂਡੋ ਸਰਕਾਰ ਨੇ ਜਦੋਂ ਤੋਂ ਇਹ ਮੰਨਿਆ ਹੈ ਕਿ ਸਰਕਾਰ ਵੱਲੋਂ ਸਪਾਂਸਰ ਕੀਤੇ ਜਾਣ ਵਾਲੇ ਰਫਿਊਜੀਆਂ ਵਿੱਚੋਂ ਬਹੁਤਿਆਂ ਨੂੰ ਕੋਈ ਖਤਰਾ ਨਹੀਂ ਤੇ ਉਹ ਜੰਗ ਵਾਲੀ ਥਾਂ ਤੋਂ ਦੂਰ ਸੁਰੱਖਿਅਤ ਥਾਂਵਾਂ ਉੱਤੇ ਰਹਿ ਰਹੇ ਹਨ ਤਾਂ ਇਹ ਇੱਕ ਵੱਖਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸੇ ਦੌਰਾਨ ਪ੍ਰਾਈਵੇਟ ਤੌਰ ਉੱਤੇ ਸਪਾਂਸਰ ਕੀਤੇ ਗਏ ਰਫਿਊਜੀਆਂ ਨੂੰ ਇਰਾਕ ਤੇ ਸੀਰੀਆ ਵਰਗੀਆਂ ਥਾਂਵਾਂ ਉੱਤੇ ਜੰਗ ਵਰਗੇ ਹਾਲਾਤ ਵਿੱਚ ਖੁਦ ਦਾ ਬਚਾਅ ਕਰਦਿਆਂ ਹੋਇਆਂ ਜੂਨ ਗੁਜ਼ਾਰਾ ਕਰਨਾ ਪੈਂਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸੀਰੀਆਈ ਰਫਿਊਜੀਆਂ ਨੂੰ ਮੁੜ ਸੈੱਟ ਕਰਨ ਦੇ ਮਾਮਲੇ ਵਿੱਚ ਟਰੂਡੋ ਸਰਕਾਰ ਵੱਲੋਂ ਤਿੰਨ ਵਚਨਬੱਧਤਾਵਾਂ ਪ੍ਰਗਟਾਈਆਂ ਗਈਆਂ ਸਨ। ਸਰਕਾਰ ਦਾ ਪਹਿਲਾ ਟੀਚਾ ਸਰਕਾਰੀ ਤੌਰ ਉੱਤੇ ਸਪਾਂਸਰ ਕੀਤੇ 25,000 ਰਫਿਊਜੀਆਂ ਨੂੰ ਮੁੜ ਸੈਟਲ ਕਰਨਾ ਤੇ ਦੂਜਾ ਟੀਚਾ ਪ੍ਰਾਈਵੇਟ ਤੌਰ ਉੱਤੇ ਸਪਾਂਸਰ ਕੀਤੇ 25,000 ਰਫਿਊਜੀਆਂ ਨੂੰ ਮੁੜ ਸੈਟਲ ਕਰਨਾ ਸੀ, ਜੋ ਕਿ ਹਾਸਲ ਕਰ ਲਿਆ ਗਿਆ ਹੈ।

Be the first to comment

Leave a Reply