ਟਰੈਫਿਕ ਨਿਯਮਾਂ ਦੀ ਪਾਲਣਾ ਕਾਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆਂ

ਪਟਿਆਲਾ – ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦਾ ਆਦੀ ਬਣਾਉਣ ਦੀ ਵਿੱਢੀ ਗਈ ਮੁਹਿੰੰਮ ਦੀ ਕੜੀ ਵਜੋਂ ਜ਼ਿਲਾ ਟਰੈਫ਼ਿਕ ਪੁਲੀਸ ਪਟਿਆਲਾ ਵਲੋਂ ਜਾਗਰੂਕਤਾ ਲਈ ਵੱਖ ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਹੁਣ ਦੋ ਦਿਨਾਂ ਤੋਂ ਸ਼ਹਿਰ ਦੇ ਵੱਖ ਵੱਖ ਚੌਕਾਂ ‘ਤੇ ਲਾਏ ਗਏ ਨਾਕਿਆਂ ਦੌਰਾਨ ਟਰੈਫ਼ਿਕ ਨਿਯਮਾਂ ਨੂੰ ਮੁਕੰਮਲ ਰੂਪ ਵਿਚ ਅਪਣਾ ਰਹੇ ਵਾਹਨ ਚਾਲਕਾਂ ਨੂੰ ਰੋਕ ਕੇ ਗੁਲਾਬ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਇਸ ਦੇ ਨਾਲ਼ ਹੀ ਉਲੰਘਣਾ ਕਰਨ ਵਾਲ਼ਿਆਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਇਥੇ ਲੀਲਾ ਭਵਨ ਚੌਕ ਵਿਚ ਲੱਗੇ ਅਜਿਹੇ ਹੀ ਇੱਕ ਨਾਕੇ ਦੀ ਅਗਵਾਈ ਜ਼ਿਲਾ ਟਰੈਫ਼ਿਕ ਇੰਚਾਰਜ ਕਰਨੈਲ ਸਿੰਘ ਕਰ ਰਹੇ ਸਨ ਜਿਸ ਦੌਰਾਨ ਸੀਟ ਬੈਲਟ ਤੇ ਹੈਲਮਟ ਆਦਿ ਪਾਉਣ ਸਮੇਤ ਟਰੈਫ਼ਿਕ ਦੇ ਹੋਰਨਾਂ ਨਿਯਮਾਂ ਨੂੰ ਅਪਣਾਉਣ ਵਾਲ਼ੇ ਕਾਰ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਰੋਕ ਕੇ ਗੁਲਾਬ ਦੇ ਫੁੱਲ ਭੇਟ ਕੀਤੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਿਸ਼ਨ ਵਿਚ ਸਹਿਯੋਗ ਕਰਨ ਵਾਲ਼ਿਆਂ ਦਾ ਪੁਲੀਸ ਵੱਲੋਂ ਫੁੱਲ ਭੇਟ ਕਰ ਕੇ ਸਨਮਾਨ ਕੀਤਾ ਜਾ ਰਿਹਾ ਹੈ ਪਰ ਜੋ ਅਜੇ ਵੀ ਉਲੰਘਣਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਹੁਣ ਇਸ ਸ਼ਹਿਰ ਵਿਚ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਐਸਪੀ (ਟਰੈਫ਼ਿਕ) ਕੰਵਰਦੀਪ ਕੌਰ (ਆਈਪੀਐਸ) ਦੀ ਅਗਵਾਈ ਹੇਠ ਸਮੁੱਚੇ ਸ਼ਹਿਰ ਵਿਚ ਆਵਾਜਾਈ ਨੇਮਾਂ ਨੂੰ ਮੁਕੰਮਲ ਰੂਪ ਵਿਚ ਲਾਗੂ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇਥੇ ਲੀਲਾ ਭਵਨ ਚੌਕ ‘ਤੇ ਇਨੋਵਾ ਗੱਡੀ ਵਿਚ ਸਾਥੀਆਂ ਸਮੇਤ ਜਾ ਰਹੇ ਜ਼ਿਲਾ ਸੰਗਰੂਰ ਨਾਲ ਸਬੰਧਿਤ ਇੱਕ ਨੌਜਵਾਨ ਸੁਖ ਸਰਪੰਚ ਨੂੰ ਜਦੋਂ ਪੁਲੀਸ ਮੁਲਾਜ਼ਮਾਂ ਨੇ ਅੱਗੇ ਹੋ ਕੇ ਰੋਕਿਆ ਤੇ ਇੰਸਪੈਕਟਰ ਕਰਨੈਲ ਸਿੰਘ ਨੇ ਖ਼ੁਦ ਗੁਲਾਬ ਦਾ ਫੁੱਲ ਭੇਟ ਕੀਤਾ। ਇੰਸਪੈਕਟਰ ਨੇ ਉਸ ਨੂੰ ਹੋਰਨਾਂ ਨੂੰ ਵੀ ਇਸੇ ਤਰਾਂ ਟਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਨ ‘ਤੇ ਜ਼ੋਰ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਪੁਲੀਸ ਦੇ ਰਵੱਈਏ ਵਿਚ ਅਜਿਹੀ ਤਬਦੀਲੀ ਸ਼ੁਭ ਸੰਕੇਤ ਹੈ। ਇਸੇ ਤਰ੍ਹਾਂ ਖੰਡਾ ਚੌਕ ਸਮੇਤ ਕਈ ਹੋਰ ਥਾਂਵਾਂ ‘ਤੇ ਵੀ ਅਜਿਹੀ ਹੀ ਮੁਹਿੰਮ ਚਲਾਈ ਜਾ ਰਹੀ ਹੈ। ਉਧਰ, ਇੰਸਪੈਕਟਰ ਪੁਸ਼ਪਾ ਦੇਵੀ ਦੀ ਅਗਵਾਈ ਹੇਠਾਂ ਵੀ ਅਜਿਹੇ ਹੀ ਨਾਕੇ ਲਾਏ ਗਏ।

Be the first to comment

Leave a Reply