ਟਰੰਪ ਦੇ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁੱਧ ਪੂਰੇ ਅਮਰੀਕਾ ਦੇ ਸ਼ਹਿਰਾਂ ‘ਚ ਵਿਖਾਵਾਕਾਰੀ ਇਕੱਤਰ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚਾਰਜ ਸੰਭਾਲਣ ਦੇ ਵਿਰੋਧ ਵਿੱਚ ਹੋਏ ਮਾਰਚ ਵਿੱਚ ਲੱਖਾਂ ਔਰਤਾਂ ਸ਼ਾਮਲ ਹੋਈਆਂ। ਇੱਕ ਸਾਲ ਬਾਅਦ ਟਰੰਪ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁੱਧ ਪੂਰੇ ਅਮਰੀਕਾ ਦੇ ਸ਼ਹਿਰਾਂ ‘ਚ ਵਿਖਾਵਾਕਾਰੀ ਇਕੱਤਰ ਹੋਏ। ਵਿਖਾਵਾਕਾਰੀਆਂ ‘ਚ ਟਰੰਪ ਪ੍ਰਸ਼ਾਸਨ ਦੀ ਇਮੀਗਰੇਸ਼ਨ ਅਤੇ ਸਿਹਤ ਸਹੂਲਤ ਨੀਤੀਆਂ ਵਿਰੁੱਧ ਨਾਰਾਜ਼ਗੀ ਨਜ਼ਰ ਆਈ। ਇੱਕ ਖਬਰ ਏਜੰਸੀ ਮੁਤਾਬਕ ਨਿਊ ਯਾਰਕ ਵਿੱਚ ਸਭ ਤੋਂ ਵੱਡਾ ਮਾਰਚ ਕੱਢਿਆ ਗਿਆ। ਲਗਭਗ 85 ਹਜ਼ਾਰ ਪ੍ਰਦਰਸ਼ਨਕਾਰੀਆਂ ਨੇ ਇੰਟਰਨੈੱਟ ਉਤੇ ਇਸ ਲਈ ਰਜਿਸਟਰੇਸ਼ਨ ਕਰਵਾਇਆ ਸੀ। ਉਨ੍ਹਾਂ ਦੀ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਮੇਅਰ ਦੇ ਦਫਤਰ ਅਨੁਸਾਰ 2017 ਵਿੱਚ ਇਹ ਗਿਣਤੀ ਚਾਰ ਲੱਖ ਸੀ। ਔਰਤਾਂ ਦਾ ਇਹ ਦੂਜਾ ਮਾਰਚ ਸੀ, ਜੋ ਟਰੰਪ ਦੀਆਂ ਨੀਤੀਆਂ ਵਿਰੁੱਧ ਇੱਕ ਰਾਸ਼ਟਰ ਵਿਆਪੀ ਲੜੀ ਸੀ। ਔਰਤਾਂ ਨੇ ਇਸ ਮਾਰਚ ਨੂੰ ਰਾਜਧਾਨੀ ਵਾਸ਼ਿੰਗਟਨ, ਨਿਊ ਯਾਰਕ, ਲਾਸ ਏਂਜਲਸ, ਸ਼ਿਕਾਗੋ ਤੇ ਲਗਭਗ 250 ਹੋਰ ਸ਼ਹਿਰਾਂ ਵਿੱਚ ਆਯੋਜਤ ਕੀਤਾ ਸੀ। ਔਰਤਾਂ ਦਾ ਇਹ ਮਾਰਚ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਵਿਰੁੱਧ ਸੀ। ਹਾਲੀਵੁੱਡ ਅਦਾਕਾਰਾ ਈਵਾ ਲੋਂਗੋਰੀ ਨੇ ਲਾਸ ਏਂਜਲਸ ਵਿੱਚ ਔਰਤਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ਤੁਹਾਡਾ ਵੋਟ ਤੁਹਾਡੇ ਨਿੱਜੀ ਨਿਖਾਰ ਵਿੱਚ ਸਭ ਤੋਂ ਵੱਡਾ ਸ਼ਕਤੀਸ਼ਾਲੀ ਹਥਿਆਰ ਹੈ। ਹਰ ਵਿਅਕਤੀ ਨੂੰ ਵੋਟਿੰਗ ਲਈ ਖਾਸ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ। ਇਸ ਦੌਰਾਨ ਡੋਨਾਲਡ ਟਰੰਪ ਨੇ ਟਵਿੱਟਰ ਉਤੇ ਰੈਲੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੀਤੇ ਸਾਲ ਦੇ ਆਰਥਕ ਲਾਭ ਕਾਰਨ ਔਰਤਾਂ ਨੂੰ ਲਾਭ ਪਹੁੰਚਾਇਆ ਸੀ।

Be the first to comment

Leave a Reply