ਟਰੰਪ ਨੇ ਜਤਾਈ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲਣ ਦੀ ਉਮੀਦ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਸੰਦੇਸ਼ ਦਿੱਤਾ ਕਿ ਉਹ ਰੂਸ ਦੇ ਆਪਣੇ ਹਮਰੁਤਬਾ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰੂਸ ਨੂੰ 7 ਉਦਯੋਗਿਕ ਰਾਸ਼ਟਰਾਂ ਦੇ ਸਮੂਹ (ਜੀ-7) ‘ਚ ਫਿਰ ਤੋਂ ਸ਼ਾਮਲ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਨੇ ਟਰੰਪ ਨੂੰ ਮਿਲਣ ਦੀ ਉਮੀਦ ਜਤਾਈ ਸੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਕੁਝ ਮਹੀਨਿਆਂ ‘ਚ ਪੁਤਿਨ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ‘ਤੇ ਟਰੰਪ ਨੇ ਕਿਹਾ, ‘ਸੰਭਵ ਹੈ ਕਿ ਸਾਡੀ ਮੁਲਾਕਾਤ ਹੋਵੇਗੀ।’ ਉਨ੍ਹਾਂ ਨੇ ਕਿਹਾ ਕਿ ਰੂਸ ਨੂੰ ਜੀ-7 ਸਮੂਹ ‘ਚ ਫਿਰ ਤੋਂ ਸ਼ਾਮਲ ਹੋਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਟਰੰਪ ਨੇ ਪੁਤਿਨ ਨਾਲ ਸਮਝੌਤੇ ਦੀ ਲਗਾਤਾਰ ਇੱਛਾ ਜਤਾਈ ਹੈ। ਟਰੰਪ ਨੇ ਕ੍ਰੀਮੀਆ ‘ਤੇ ਰੂਸੀ ਕਬਜ਼ੇ ਲਈ ਆਪਣੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਜੀ-7 ਸੰਮੇਲਨ ‘ਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਚਾਹੁੰਦੇ ਹਨ ਕਿ ਜੀ-7 ਸਮੂਹ ‘ਚ ਰੂਸ ਨੂੰ ਫਿਰ ਤੋਂ ਸ਼ਾਮਲ ਕੀਤਾ ਜਾਵੇ, ਟਰੰਪ ਦੀ ਇਸ ਇੱਛਾ ‘ਤੇ ਇਟਲੀ ਨੇ ਸਹਿਮਤੀ ਜਤਾਈ ਸੀ। ਪਰ ਜੀ-7 ਦੇ ਬਾਕੀ ਦੇਸ਼ਾਂ ਨੇ ਟਰੰਪ ਵੱਲੋਂ ਰੂਸ ਨੂੰ ਮੁੜ ਜੀ-7 ਸਮੂਹ ‘ਚ ਸ਼ਾਮਲ ਕਰਨ ‘ਤੇ ਕੋਈ ਇੱਛਾ ਨਹੀਂ ਜਤਾਈ ਸੀ।