ਟਰੰਪ ਵਲੋਂ ਪੋਂਪੀਓ ਦਾ ਦੌਰਾ ਰੱਦ ਕਰਨ ‘ਤੇ ਉਤਰ ਕੋਰੀਆ ਨੇ ਦੱਸਿਆ ਸਾਜਿਸ਼

ਪਿਓਂਗਯਾਂਗ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਉਤਰ ਕੋਰੀਆ ਦੌਰਾ ਰੱਦ ਹੋ ਜਾਣ ਤੋਂ ਬਾਅਦ ਪਿਓਂਗਯਾਂਗ ਦੀ ਸਰਕਾਰੀ ਮੀਡੀਆ ਨੇ ਵਾਸ਼ਿੰਗਟਨ ‘ਤੇ ‘ਡਬਲ ਡੀਲਿੰਗ’ ਅਤੇ ‘ਸਾਜ਼ਿਸ਼ ਰਚਣ’ ਦਾ ਦੋਸ਼ ਲਗਾਇਆ ਹੈ। ਸਿੰਗਾਪੁਰ ਵਿਚ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਕਿਮ ਜੋਂਗ ਉਨ ਦੀ ਮੁਲਾਕਾਤ ਦੇ ਬਾਅਦ ਤੋਂ ਗੱਲਬਾਤ ਤਾਂ ਹੋਈ ਹੈ, ਲੇਕਿਨ ਗਤੀਰੋਧ ਦੀ ਸਥਿਤੀ ਬਣੀ ਹੋਈ ਹੈ। ਪੋਂਪੀਓ ਨੇ ਉਤਰ ਕੋਰੀਆ ‘ਤੇ ਪਰਮਾਣੁ ਹਥਿਆਰ ਛੱਡਣ ਨੂੰ ਲੈ ਕੇ ਠੋਸ ਕਦਮ ਅੱਗੇ ਵਧਾਏ ਹਨ, ਜਦ ਕਿ ਪਿਓਂਗਯਾਂਗ, ਵਾਸ਼ਿੰਗਟਨ ਕੋਲੋਂ ਮੰਗ ਕਰ ਰਿਹਾ ਹੈ ਕਿ ਉਹ ਪਹਿਲਾਂ ਖੁਦ ਇਸ ‘ਤੇ ਸਹਿਮਤੀ ਬਣਾਵੇ। ਉਤਰ ਕੋਰੀਆ ਦੇ ਅਖ਼ਬਾਰ ਨੇ ਕਿਹਾ ਕਿ ਜਾਪਾਨ ਸਥਿਤ ਅਮਰੀਕਾ ਦੀ ਸਪੈਸ਼ਲ ਇਕਾਈ ਪਿਓਂਗਯਾਂਗ ਵਿਚ ਘੁਸਪੈਠ ਦੇ ਮਕਸਦ ਨਾਲ ਹਵਾਈ ਡਰਿੱਲ ਕਰ ਰਹੀ ਹੈ। ਅਖ਼ਬਾਰ ਨੇ ਕਿਹਾ, ਇਸ ਨਾਲ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਡੀਪੀਆਰਕੇ ਦੇ ਖ਼ਿਲਾਫ਼ ਯੁੱਧ ਦੇ ਲਈ ਸਾਜ਼ਿਸ਼ ਰਚ ਰਿਹਾ ਹੈ। ਇਸ ਨੇ ਕਿਹਾ, ਅਸੀਂ ਅਮਰੀਕਾ ਦੇ ਡਬਲ ਡੀਲਿੰਗ ਰਵੱਈਏ ਨੂੰ ਗੰਭੀਰਤਾ ਨਾਲ ਲੈਂਦੇ ਹਨ ਕਿਉਂਕਿ ਇਕਤਰਫਾ ਚਿਹਰੇ ‘ਤੇ ਮੁਸਕਰਾਹਟ ਲੈ ਕੇ ਵਾਰਤਾ ਕੀਤੀ ਜਾ ਰਹੀ ਹੈ ਜਦ ਕਿ ਲੋਕਾਂ ਦੀ ਹੱਤਿਆ ਕਰਨ ਵਾਲੀ ਸਪੈਸ਼ਲ ਯੂਨਿਟ ਗੁਪਤ ਅਭਿਆਸ ਕਰ ਰਹੀ ਹੈ। ਹਾਲਾਂਕਿ, ਦੱਖਣੀ ਕੋਰੀਆ ਵਿਚ ਮੌਜੂਦ ਅਮਰੀਕੀ ਦੂਤਘਰ ਦਾ ਕਹਿਣਾ ਹੈ ਕਿ ਉਸ ਨੂੰ ਡਰਿੱਲ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ ਜਿਹਾ ਕਿ ਦੋਸ਼ ਅਖ਼ਬਾਰ ਲਗਾ ਰਿਹਾ ਹੈ। ਅਖ਼ਬਾਰ ਨੇ ਅਪਣੇ ਸੰਪਾਦਕੀ ਵਿਚ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਇਹ ਅਪਣੇ ਅਰਥਹੀਣ ਸੈਨਿਕ ਜੂਏ ਨੂੰ ਛੱਡ ਦੇਣ ਅਤੇ ਸਿੰਗਾਪੁਰ ਸਮਝੌਤੇ ਦਾ ਪਾਲਣ ਕਰੇ, ਜਿੱਥੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੇ ਕੋਰੀਆਈ ਪ੍ਰਾਇਦੀਪ ਵਿਚ ਪਰਮਾਣੂ ਨਿਰਸਤਰੀਕਰਣ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਹੈ। ਦੱਸਣਯੋਗ ਹੈ ਕਿ ਟਰੰਪ ਨੇ ਕੋਰੀਆਈ ਖਿੱਤੇ ਦੇ ਪਰਮਾਣੂ ਨਿਰਸਤਰੀਕਰਣ ‘ਤੇ ਵਪਾਰਕ ਸਬੰਧਾਂ ਵਿਚ ਤਲਖੀ ਦੇ ਚਲਦਿਆਂ ਚੀਨ ਵਲੋਂ ਸਮਰਥਨ ਦੀ ਕਮੀ ਦਾ ਜ਼ਿਕਰ ਕਰਦੇ ਹੋਏ ਅਪਣੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੀ ਅਗਲੇ ਹਫ਼ਤੇ ਉਤਰ ਕੋਰੀਆ ਦੌਰਾ ਰੱਦ ਕਰ ਦਿੱਤਾ ਹੈ। ਯਾਤਰਾ ਰੱਦ ਕਰਨ ਦਾ ਟਰੰਪ ਦਾ ਫ਼ੈਸਲਾ ਅਜਿਹੇ ਸਮੇਂ ਆਇਆ ਜਦ ਸ਼ੁੱਕਰਵਾਰ ਨੂੰ ਹੀ ਪੋਂਪੀਓ ਨੇ ਕਿਹਾ ਸੀ ਕਿ ਉਤਰ ਕੋਰੀਆ ਦੇ ਲਈ ਨਵ ਨਿਯੁਕਤ ਵਿਸ਼ੇਸ਼ ਨੁਮਾਇੰਦਾ ਸਟੀਵ ਬੀਗਨ ਅਤੇ ਉਹ ਅਪਣੇ ਮਕਸਦ ਦੀ ਦਿਸ਼ਾ ਵਿਚ ਹੋਰ ਵੀ ਕੂਟਨੀਤਕ ਪ੍ਰਗਤੀ ਕਰਨ ਦੇ ਲਈ ਅਗਲੇ ਹਫ਼ਤੇ ਉਤਰ ਕੋਰੀਆ ਦੀ ਯਾਤਰਾ ਕਰਨਗੇ।