ਟਰੱਕ ਆਪ੍ਰੇਟਰਾਂ ਨੇ ਸਾੜ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਕੀਤੀ ਨਾਅਰੇਬਾਜ਼ੀ

ਨਕੋਦਰ — ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਸੂਬੇ ਭਰ ਦੇ ਟਰੱਕ ਆਪ੍ਰੇਟਰਾਂ ਨੇ ਸੜਕਾਂ ‘ਤੇ ਆ ਕੇ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ ਅੱਜ ਟਰੱਕ ਯੂਨੀਅਨ ਨਕੋਦਰ ਅਤੇ ਨੂਰਮਹਿਲ ਦੇ ਅਹੁਦੇਦਾਰਾਂ ਅਤੇ ਡਰਾਈਵਰਾਂ ਸਥਾਨਕ ਐੱਸ. ਡੀ. ਐੱਮ. ਦਫਤਰ ਅੱਗੇ ਸਾੜ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਟਰੱਕ ਆਪ੍ਰੇਟਰਾਂ ਨੇ ਕਿਹਾ ਕਿ ਯੂਨੀਅਨਾਂ ਨੂੰ ਭੰਗ ਕਰਨ ਦੇ ਫੈਸਲੇ ਨੇ ਲੱਖਾਂ ਪਰਿਵਾਰਾਂ ਲਈ ਪ੍ਰੇਸ਼ਾਨੀ ਤੇ ਚਿੰਤਾਜਨਕ ਹਾਲਾਤ ਪੈਦਾ ਕਰ ਦਿੱਤੇ ਹਨ। ਟਰੱਕਾਂ ਵਾਲੇ ਪਿੰਡਾਂ-ਸ਼ਹਿਰਾਂ ਵਿਚ ਆਪਸੀ ਭਾਈਚਾਰੇ ਨਾਲ ਮਿਲ ਕੇ ਆਪਣਾ ਕੰਮ ਕਰ ਰਹੇ ਹਨ। ਇਸ ਵਿਚ ਸਰਕਾਰ ਦੀ ਬੇਲੋੜੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 8 ਅਗਸਤ ਨੂੰ ਪੰਜਾਬ ਦੀਆਂ ਸਮੂਹ ਟਰੱਕ ਯੂਨੀਅਨਾਂ ਦੇ ਅਹੁਦੇਦਾਰ ਅਤੇ ਟਰੱਕ ਆਪ੍ਰੇਟਰ ਡੀ. ਸੀ. ਦਫਤਰ ਜਲੰਧਰ ਅੱਗੇ ਧਰਨਾ ਦੇਣਗੇ।
ਇਸ ਮੌਕੇ ਜਸਵੀਰ ਸਿੰਘ ਉੱਪਲ, ਰਵਿੰਦਰ ਕੱਲ੍ਹਾ, ਬਲਿਹਾਰ ਸਿੰਘ ਬੈਂਸ, ਪ੍ਰਮੋਦ ਭਾਰਦਵਾਜ, ਗਿਆਨੀ ਕਰਨੈਲ ਸਿੰਘ, ਸੋਹਨ ਸਿੰਘ ਮੱਲ੍ਹੀ, ਬਲਰਾਮ ਭਾਰਦਵਾਜ, ਦਰਸ਼ਨ ਸਿੰਘ ਬੱਲ, ਭਿੰਦਾ ਬਾਬਾ, ਪਰਮਜੀਤ ਪੰਮਾ, ਅਮਰ ਸਿੰਘ, ਜਸਵੰਤ ਸਿੰਘ, ਚੂਹੜ ਸਿੰਘ, ਸਤਨਾਮ ਸਿੰਘ, ਮੂਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਆਦਿ ਹਾਜ਼ਰ ਸਨ।
ਗੁਰਾਇਆ, (ਜ.ਬ.)-ਪਿਛਲੇ 10 ਸਾਲ ਤਸ਼ੱਦਦ ਝੱਲਣ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਨ ਵਿਚ ਅਤੇ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਟਰਾਂਸਪੋਰਟਰਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਅਤੇ ਸਾਰੇ ਹੀ ਟਰਾਂਸਪੋਰਟਰਾਂ ਨੂੰ ਕਾਂਗਰਸ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੈ ਕੇ ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਕੈਪਟਨ ਸਰਕਾਰ ਡੀ.ਟੀ.ਓ. ਰਾਜ ਖਤਮ ਕਰ ਰਹੀ ਹੈ, ਜਿਸ ਨਾਲ ਟਰਾਂਸਪੋਰਟਰਾਂ ਨੂੰ ਉਮੀਦ ਸੀ ਕਿ ਕੈਪਟਨ ਸਰਕਾਰ ਟਰਾਂਸਪੋਰਟਰਾਂ ਨੂੰ ਕੁੱਝ ਰਾਹਤ ਦੇਣ ਜਾ ਰਹੀ ਹੈ ਪਰ ਸਾਰਿਆਂ ਨੂੰ ਹੈਰਾਨੀ ਉਸ ਵੇਲੇ ਹੋਈ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਾਦਰਸ਼ਾਹੀ ਫ਼ਰਮਾਨ ਲਾਗੂ ਕਰਦੇ ਹੋਏੇ ਪੰਜਾਬ ਦੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ, ਜਿਸ ਨਾਲ ਟਰਾਂਸਪੋਰਟਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਾਇਆ ਟਰੱਕ ਯੂਨੀਅਨ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਵੱਲੋਂ ਸ਼ੁੱਕਰਵਾਰ ਨੂੰ ਸਬ-ਤਹਿਸੀਲ ਗੁਰਾਇਆ ਵਿਖੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਫੂਕਣ ਤੋਂ ਉਪਰੰਤ ਕੀਤਾ ਗਿਆ।
ਬਿੱਟੂ ਨੇ ਕਿਹਾ ਕਿ ਕਿਸਾਨਾਂ ਵਾਂਗ 5 ਟਰਾਂਸਪੋਰਟਰ ਵੀ ਦੁਖੀ ਹੋ ਕੇ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਨਕੋਦਰ ਵਿਚ ਤਾਂ ਦੁਖੀ ਹੋਏ ਟਰਾਂਸਪੋਰਟਰ ਨੇ ਆਪਣਾ ਟਰੱਕ ਅੱਗ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਅਨਾਂ ਵੱਲੋਂ ਫੈਸਲਾ ਕਰ ਲਿਆ ਗਿਆ ਹੈ ਕਿ 10 ਤਰੀਕ ਤੋਂ ਪੰਜਾਬ ਵਿਚੋਂ ਸਰਕਾਰੀ ਮਾਲ ਨਹੀਂ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ 7 ਤਰੀਕ ਨੂੰ ਜਲੰਧਰ ਵਿਖੇ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ 16 ਤਰੀਕ ਨੂੰ ਪੰਜਾਬ ਪੱਧਰ ‘ਤੇ ਟਰੱਕਾਂ ਨੂੰ ਅੱਗ ਦੇ ਹਵਾਲੇ ਕੀਤਾ ਜਾਵੇਗਾ ਅਤੇ 23 ਤਰੀਕ ਨੂੰ ਪੰਜਾਬ ਭਰ ਵਿਚ ਚੱਕਾ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਜਾਰੀ ਰਹੇਗਾ ਜਦਕਿ ਪੰਜਾਬ ਸਰਕਾਰ ਆਪਣਾ ਇਹ ਤਾਨਾਸ਼ਾਹੀ ਫੈਸਲਾ ਵਾਪਸ ਨਹੀਂ ਲੈਂਦੀ। ਇਸ ਮੌਕੇ ਕਮਲਦੀਪ ਸਿੰਘ ਬਿੱਟੂ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਚਿੰਤਾ, ਪ੍ਰਦੀਪ ਸਿੰਘ ਦੁਸਾਂਝ, ਹਰਜਿੰਦਰ ਸਿੰਘ, ਦਲਵਿੰਦਰ ਸਿੰਘ, ਬਲਵੀਰ ਰਾਮ, ਸਰਬਜੀਤ ਸਿੰਘ ਰੁੜਕਾ, ਕੁਲਦੀਪ ਸਿੰਘ, ਬਲਵੰਤ ਰਾਏ, ਕੁਲਦੀਪ ਸਿੰਘ ਦੀਪਾ, ਰਾਮਪਾਲ ਸਿੰਘ ਰਾਮਾ, ਰੌਸ਼ਨ ਲਾਲ, ਸੁੱਚਾ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਲਲਿਤ ਕੁਮਾਰ, ਅਮਰਨਾਥ ਸੋਢੀ, ਕੌਂਸਲਰ ਹਰਬੰਸ ਮਹਿਮੀ, ਪ੍ਰਧਾਨ ਜੀਵਨ ਦਾਸ ਤੋਂ ਇਲਾਵਾ ਟੈਂਪੂ ਯੂਨੀਅਨ ਗੁਰਾਇਆ ਦੇ ਮੈਂਬਰ ਪਾਲੀ ਰੁੜਕਾ, ਗੁਰਦੀਪ ਸਿੰਘ ਤੇ ਭਾਰੀ ਗਿਣਤੀ ਵਿਚ ਟਰੱਕ ਯੂਨੀਅਨ ਦੇ ਮੈਂਬਰ ਹਾਜ਼ਰ ਸਨ।

Be the first to comment

Leave a Reply