ਠੁਕਰਾਏ ਗਏ ਐਨਡੀਪੀ ਲੀਡਰਸਿ਼ਪ ਉਮੀਦਵਾਰ ਨੇ ਚੋਣ ਲੜਨ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ

ਟੋਰਾਂਟੋ (ਸਾਂਝੀ ਸੋਚ ਬਿਊਰੋ) : ਆਪਣੀ ਹੀ ਕਿਸਮ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਫੈਡਰਲ ਐਨਡੀਪੀ ਮੈਂਬਰ ਨੇ ਟੌਮ ਮਲਕੇਅਰ ਨੂੰ ਲੀਡਰ ਵਜੋਂ ਤਬਦੀਲ ਕੀਤੇ ਜਾਣ ਲਈ ਲੀਡਰਸਿ਼ਪ ਉਮੀਦਵਾਰ ਵਜੋਂ ਖੁਦ ਚੋਣ ਲੜਨ ਵਾਸਤੇ ਅਦਾਲਤ ਨੂੰ ਦਖਲ ਦੇ ਕੇ ਪਾਰਟੀ ਨੂੰ ਰਾਜ਼ੀ ਕਰਨ ਲਈ ਆਖਿਆ ਹੈ। ਓਨਟਾਰੀਓ ਦੀ ਸਰਬਉੱਚ ਅਦਾਲਤ ਵਿੱਚ ਮੰਗਲਵਾਰ ਨੂੰ ਦਾਇਰ ਕੀਤੀ ਗਈ ਅਰਜ਼ੀ ਵਿੱਚ ਬ੍ਰਾਇਨ ਗ੍ਰਾਫ ਨੇ ਆਪਣੀ ਪਾਰਟੀ ਉੱਤੇ ਆਪਣੇ ਹੀ ਨਿਯਮਾਂ ਦੀ ਉਲੰਘਣਾਂ ਕਰਨ ਦਾ ਦੋਸ਼ ਲਾਇਆ। ਗ੍ਰਾਫ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਵਾਰੀ ਵਾਰੀ ਉਸ ਦੀ ਉਮੀਦਵਾਰੀ ਨੂੰ ਪਾਰਟੀ ਵੱਲੋਂ ਨਕਾਰ ਦਿੱਤਾ ਗਿਆ। ਪਾਰਟੀ ਦਾ ਅਜੇ ਵੀ ਆਖਣਾ ਹੈ ਕਿ ਅਦਾਲਤ ਲਈ ਇਹ ਫੈਸਲਾ ਕਰਨਾ ਕਿ ਗ੍ਰਾਫ ਉਮੀਦਵਾਰ ਬਣਨ ਯੋਗ ਹੈ ਜਾਂ ਨਹੀਂ, ਬੜੀ ਹੀ ਟੇਢੀ ਖੀਰ ਹੈ।
ਅਦਾਲਤ ਕੋਲ ਜਮ੍ਹਾਂ ਕਰਵਾਏ ਗਏ ਆਪਣੇ ਤਰਕ ਵਿੱਚ ਪਾਰਟੀ ਨੇ ਆਖਿਆ ਹੈ ਕਿ ਇਸ ਤਰ੍ਹਾਂ ਦੀ ਉਮੀਦਵਾਰੀ ਸਬੰਧੀ ਇੰਤਹਾਪਸੰਦੀ ਵੀ ਇੱਕ ਤਰ੍ਹਾਂ ਪੱਖਪਾਤੀ ਗਤੀਵਿਧੀ ਹੀ ਆਖੀ ਜਾ ਸਕਦੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਜਮਹੂਰੀ ਕਦਰਾਂ ਕੀਮਤਾਂ ਦੇ ਉਲਟ ਹੈ ਤੇ ਅਦਾਲਤ ਨੂੰ ਅਜਿਹੇ ਪਾਰਟੀ ਸਬੰਧੀ ਮਾਮਲਿਆਂ ਵਿੱਚ ਦਖਲ ਦੇਣ ਲਈ ਆਖਣਾ ਵੀ ਸਹੀ ਨਹੀਂ ਹੈ। ਜਿ਼ਕਰਯੋਗ ਹੈ ਕਿ 58 ਸਾਲਾ ਗ੍ਰਾਫ ਨੇ 2014 ਵਿੱਚ ਵੀ ਟੋਰਾਂਟੋ ਕਾਉਂਸਲ ਦੀ ਸੀਟ ਤੋਂ ਚੋਣ ਲੜੀ ਸੀ ਤੇ ਉਹ ਅਸਫਲ ਵੀ ਰਹੇ ਸਨ। ਆਪਣੀ ਅੱਧੀ ਤੋਂ ਜਿ਼ਆਦਾ ਉਮਰ ਤੱਕ ਉਹ ਲਿਬਰਲ ਕਾਰਕੁੰਨ ਹੀ ਰਹੇ। 2015 ਵਿੱਚ ਉਨ੍ਹਾਂ ਆਖਿਆ ਕਿ ਜਦੋਂ ਜਸਟਿਨ ਟਰੂਡੋ ਨੇ ਕਮਾਨ ਸਾਂਭੀ ਤਾਂ ਉਨ੍ਹਾਂ ਦਾ ਪਾਰਟੀ ਨਾਲੋਂ ਮੋਹ ਭੰਗ ਹੋ ਗਿਆ। ਪਿਛਲੇ ਸਾਲ ਅਗਸਤ ਵਿੱਚ ਹੀ ਅਜੇ ਉਹ ਐਨਡੀਪੀ ਵਿੱਚ ਸ਼ਾਮਲ ਹੋਏ ਹਨ।
ਅਦਾਲਤ ਵਿੱਚ ਦਰਜ ਕਰਵਾਈ ਅਰਜ਼ੀ ਵਿੱਚ ਗ੍ਰਾਫ ਨੇ ਆਖਿਆ ਕਿ ਭਾਵੇਂ ਉਹ ਐਨਡੀਪੀ ਦਾ ਕਾਫੀ ਨਵਾਂ ਮੈਂਬਰ ਹੈ ਪਰ ਉਹ ਪਾਰਟੀ ਦੀ ਰੂੜੀਵਾਦੀ ਸੋਚ ਦਾ ਕੁੱਝ ਹੱਦ ਤੱਕ ਵਿਰੋਧ ਕਰਦਾ ਹੈ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਕਿ ਉਹ ਐਨਡੀਪੀ ਲੀਡਰਸਿ਼ਪ ਨਿਯਮਾਂ ਦੇ ਹਿਸਾਬ ਨਾਲ ਉਮੀਦਵਾਰੀ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਫਿਰ ਵੀ ਐਨਡੀਪੀ ਦੇ ਐਗਜੈ਼ਕਟਿਵ ਡਾਇਰੈਕਟਰ ਰੌਬਰਟ ਫੌਕਸ ਤੇ ਅਪੀਲ ਕਮੇਟੀ ਵਿੱਚ ਸ਼ਾਮਲ ਪਾਰਟੀ ਦੇ ਚਾਰ ਹੋਰ ਅਧਿਕਾਰੀ ਦੋ ਵਾਰੀ ਗ੍ਰਾਫ ਦੀ ਉਮੀਦਵਾਰੀ ਸਬੰਧੀ ਮੰਗ ਠੁਕਰਾ ਚੁੱਕੇ ਹਨ। ਗ੍ਰਾਫ ਦਾ ਇਹ ਵੀ ਆਖਣਾ ਹੈ ਕਿ ਪਾਰਟੀ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ ਹੈ।

Be the first to comment

Leave a Reply