ਡਰਾਈਵਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ-ਹੱਤਿਆ

ਚੰਡੀਗੜ੍ਹ :- ਇਥੇ ਸੈਕਟਰ-38 (ਪੱਛਮੀ) ’ਚ ਇਕ ਕਾਰੋਬਾਰੀ ਦੇ ਡਰਾਈਵਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਅੱਜ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਮੁਹਾਲੀ ਦੇ ਵਸਨੀਕ ਕਲਿਆਣ ਸਿੰਘ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਮੁਤਾਬਕ ਡਰਾਈਵਰ ਨੇ ਮਾਨਸਿਕ ਤਣਾਅ ਦੇ ਚੱਲਦਿਆਂ ਆਤਮ-ਹੱਤਿਆ ਕੀਤੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕਲਿਆਣ ਸਿੰਘ ਨੇ ਸਵੇਰੇ 10 ਵਜੇ ਦੇ ਕਰੀਬ ਆਪਣੇ ਮਾਲਕ ਦੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਲਿਆਣ ਸਿੰਘ ਨੇ ਆਤਮ-ਹੱਤਿਆ ਕੀਤੀ ਤਾਂ ਉਹ ਆਪਣੇ ਮਾਲਕ ਦੇ ਸੈਕਟਰ-38 (ਪੱਛਮੀ) ’ਚ ਸਥਿਤ ਮਕਾਨ ਵਿੱਚ ਸੀ। ਮਾਲਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ। ਹਰਦੀਪ ਸਿੰਘ ਇਕ ਹੋਟਲ ਕਾਰੋਬਾਰੀ ਹੈ। ਉਸ ਦਾ ਕਸੌਲੀ ’ਚ ‘ਬਾਬਾ ਰਿਜ਼ੋਰਟ’ ਨਾਮ ਦਾ ਹੋਟਲ ਹੈ। ਕਲਿਆਣ ਸਿੰਘ ਪਿਛਲੇ 15 ਸਾਲਾਂ ਤੋਂ ਇਥੇ ਡਰਾਈਵਰ ਦੀ ਨੌਕਰੀ ਕਰਦਾ ਸੀ।
ਪੁਲੀਸ ਅਧਿਕਾਰੀਆਂ ਮੁਤਾਬਕ ਸਵੇਰੇ ਵੇਲੇ ਮਕਾਨ ਮਾਲਕ ਹਰਦੀਪ ਸਿੰਘ ਘਰ ’ਚ ਨਹੀਂ ਸੀ। ਘਰ ’ਚ ਡਰਾਈਵਰ ਕਲਿਆਣ ਸਿੰਘ ਅਤੇ ਹੋਰ ਨੌਕਰ ਸਨ। ਸਵੇਰ ਸਾਢੇ ਨੌਂ ਵਜੇ ਦੇ ਕਰੀਬ ਕਲਿਆਣ ਸਿੰਘ ਨੇ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਇਕ ਕਮਰੇ ’ਚ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਨੌਕਰ ਜਦੋਂ ਉਪਰ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਨੌਕਰਾਂ ਨੇ ਤੁਰੰਤ ਇਸ ਦੀ ਜਾਣਕਾਰੀ ਮਾਲਕ ਹਰਦੀਪ ਸਿੰਘ ਨੂੰ ਦਿੱਤੀ। ਮਗਰੋਂ ਹਰਦੀਪ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਲੋਆ ਥਾਣੇ ਦੇ ਐਸਐਚਓ ਰਾਮ ਰਤਨ ਨੇ ਦੱਸਿਆ ਕਿ ਕਲਿਆਣ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸੀ ਜਿਸ ਕਰਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਤਣਾਅ ਦੇ ਚੱਲਦਿਆਂ ਉਸ ਨੇ ਅੱਜ ਖ਼ੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ।

Be the first to comment

Leave a Reply