ਡਾਇਰੀ    ਦੇ    ਨਿੱਤਨੇਮ   ਤੋਂ   ਨਾਵਲਕਾਰੀ  ਤੱਕ  ਦਾ   ਸਫਰ

(ਅਵਤਾਰ ਗੋਂਦਾਰਾ)
ਕਈ ਵਾਰ ਹਰ ਰੋਜ਼ ਕੀਤ ਨਿੱਕਾ ਨਿੱਕਾ ਅਭਿਆਸ, ਸਮੇਂ ਦੀ ਕੁਠਾਲੀ ਵਿੱਚ ਪੈ ਕੇ ਸਿਰਜਣੇਈ ਕੁੰਦਨ ਬਣ ਜਾਂਦਾ ਹੈ। ਇਹੀ ਵਾਪਰਿਆ ਆਪਣੇ ਪਲੇਠੇ ਨਾਵਲ ਨਾਲ ਹੀ ਚਰਚਾ ਵਿੱਚ ਆਏ ਹਰਨਾਮ ਸਿੰਘ ਪੰਨੂੰ ਨਾਲ।ਉਹ ਅੱਧੀ ਸਦੀ ਤੱਕ ਬਕਾਇਦਗੀ ਨਾਲ ਡਾਇਰੀ ਲ਼ਿਖਦਾ ਆ ਰਿਹਾ ਸੀ, ਹੁਣ ਇਹੀ ਭੁੱਸ ਸਾਹਿਤਕਾਰੀ ਵਿੱਚ ਰੁਪਾਂਤਰ ਹੋ ਗਿਆ ਹੈ।ਪਿਛਲੇ ਦਿਨੀ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਫਰੇਜ਼ਨੋ ਚੈਪਟਰ ਵੱਲੋਂ, ਉਸ ਦਾ ਨਾਵਲ ‘ਲੱਸੀ ਦਾ ਛਿੱਟਾ’ ਲੋਕਅਰਪਣ ਕੀਤਾ ਗਿਆ, ਜਿਸ ਵਿੱਚ ਸੈਂਟਰਲ ਵੈਲੀ ਦੇ ਚਿੰਤਕਾਂ, ਲੇਖਕਾਂ, ਕਵੀਆਂ ਅਤੇ ਸਾਹਿਤ ਰਸੀਆ ਨੇ ਭਾਗ ਲਿਆ।ਲੇਖਕ, ਉਸ ਦੀ ਲਿਖਤ ਅਤੇ ਸਾਹਿਤ ਬਾਰੇ ਹੋਈ ਚਰਚਾ ਚੋਂ ਕਈ ਪ੍ਰੇਰਣਾਵਾਂ ਮਿਲੀਆਂ।
ਆਮ ਕਰਕੇ ਪੰਜਾਬੀ ਭਾਈਚਾਰੇ ਦੇ ਸੇਵਾ-ਮੁੱਕਤ ਬੰਦੇ, ਪਰਿਵਾਰ ਦੇ ਕੇਂਦਰ ਚੋਂ ਸਰਕ ਕੇ ਹਾਸ਼ੀਏ ਤੇ ਚਲੇ ਜਾਂਦੇ ਹਨ।ਉਨਾਂ ਲਈ ਖੁਦ ਦੇ ਜਿਉਣ ਲਈ ਕੋਈ ਏਜੰਡਾ ਨਹੀਂ ਹੁੰਦਾ।ਉਹ ਸਿਰਫ ਬੱਚਿਆਂ ਦੇ ਘਰ ਵਸਾਉਣ ਜਾਂ ਉਨਾਂ ਦੇ ਜੁਆਕ ਖਿਡਾਉਣ, ਉਨਾਂ ਨੂੰ ਸਕੂਲ ਛੱਡਣ ਜਾਂ ਸਕੂਲੋਂ ਲਿਆਉਣ ਦੀਆਂ ਗੱਲਾਂ ਕਰਦੇ ਹਨ।ਇਸ ਉਮਰੇ ਉਨਾਂ ਦੀ ਰਚਨਾਤਮਕਤਾ ਦਾ ਸੋਮਾ ਸੁੱਕ ਜਾਂਦਾ ਹੈ।ਪਰ ਹਰਨਾਮ ਸਿੰਘ ਪੰਨੂੰ ਅੱਪਵਾਦ ਹੈ।ਉਸ ਦਾ ਪਹਿਲਾ ਨਾਵਲ 65 ਵਰਿਆਂ ਦੀ ਉਮਰ ਬਾਅਦ ਛੱਪਿਆ ਹੈ।
ਸਾਹਿਤਕਾਰੀ ਬਾਰੇ ਗੱਲ ਕਰਨ ਤੋਂ ਪਹਿਲਾਂ ਹੱਥਲੇ ਵਿਸ਼ੇ ਨਾਲ ਜੁੜਦੀ ਸੁਆਮੀ ਵਿਵੇਕਾਨੰਦ ਨਾਲ ਵਾਪਰੀ ਘਟਨਾ ਦਾ ਹਵਾਲਾ ਦੇਣਾ ਕੁਥਾਂ ਨਹੀਂ ਹੋਵੇਗਾ।ਵਿਵੇਕਾਨੰਦ ਸਮੁੰਦਰੀ ਜਹਾਜ ਰਾਹੀਂ ਅਮਰੀਕਾ ਜਾ ਰਿਹਾ ਸੀ।ਉਸ ਨੇ ਵੇਖਿਆ ਕਿ ਜਹਾਜ ਵਿੱਚ ਬਾਕੀ ਮੁਸਾਫਿਰ ਤਾਂ ਮੌਜ ਮਸਤੀ ਕਰਦੇ ਰਹਿੰਦੇ ਹਨ ਇੱਕ ਬਜੁਰਗ ਪਾਸੇ ਬੈਠਾ ਪੜ ਰਿਹਾ ਹੁੰਦਾ ਹੈ।ਵਿਵੇਕਾਨੰਦ ਤੋਂ ਰਿਹਾ ਨਾ ਗਿਆ, ਆਖਰ ਇੱਕ ਦਿਨ ਪੁੱਛ ਹੀ ਲਿਆ।ਉਸ ਨੇ ਜੁਆਬ ਦਿਤਾ, ‘ਮੈਂ ਚੀਨੀ ਭਾਸ਼ਾ ਸਿੱਖਣ ਦਾ ਯਤਨ ਕਰ ਰਿਹਾ ਹਾਂ।ਚੀਨੀ ਵਿੱਚ ਊੜਾ ਆੜਾ ਤਾਂ ਹੈ ਨਹੀਂ, ਸਗੋਂ ਹਰ ਸ਼ਬਦ ਲਈ ਵੱਖਰੀ ਤਸਵੀਰ ਹੈ।ਮੁਹਾਰਤ ਨਾਲ ਚੀਨੀ ਲਿਖਣ ਲਈ ਬੰਦੇ ਨੂੰ ਹਜ਼ਾਰਾਂ ਤਸਵੀਰਾਂ ਯਾਦ ਕਰਨੀਆਂ ਪੈਂਦੀਆਂ ਹਨ, ਜਿਸ ਵਿੱਚ ਘੱਟੋ ਘੱਟ ਦੱਸ ਸਾਲ ਲੱਗ ਜਾਂਦੇ ਹਨ’।
ਵਿਵੇਕਾਨੰਦ ਨੇ ਬਜੁਰਗ ਨੂੰ ਪੁੱਛਿਆ, ‘ਤੁਹਾਡੀ ਉਮਰ ਕਿੰਨੀ ਹੈ?’
ਬਜੁਰਗ ਕਹਿੰਦਾ, ‘ ਮੈਂ ਇਸ ਬਾਰੇ ਕਦੇ ਸੋਚਿਆ ਨਹੀਂ’। ਫੇਰ ਮੋਟਾ ਜਿਹਾ ਹਿਸਾਬ ਲਾ ਕੇ ਕਹਿੰਦਾ, ‘ ਹੋਣੀ ਐ 90-95 ਸਾਲ’।ਵਿਵੇਕਾਨੰਦ ਕਹਿੰਦਾ, ‘ਤੁਸੀਂ ਹੁਣ ਚੀਨੀ ਪੜਨੀ ਲਿਖਣੀ ਸਿੱਖਣ ਲੱਗੇ ਹੋ।ਇਸ ਵਿੱਚ ਦੱਸ ਕੁ ਸਾਲ ਲੱਗਣਗੇ।ਫਿਰ ਜੋ ਚੀਜ ਦੱਸ ਸਾਲ ਲਾ ਕੇ ਸਿੱਖੀ ਹੋਵੇ, ਉਸ ਨੂੰ ਦੱਸ ਵੀਹ ਸਾਲ ਵਰਤਿਆ ਨਾ ਤਾਂ ਕੀ ਫਾਇਦਾ?ਪਰ ਉਦੋਂ ਨੂੰ ਤੁਸੀਂ ਮਰ ਜਾÀਗੇ’।
ਬਜੁਰਗ ਕਹਿੰਦਾ, ‘ਭਾਈ ਮਰਨ ਦਾ ਡਰ ਤਾਂ ਉਸ ਦਿਨ ਵੀ ਓਨਾਂ ਹੀ ਸੀ ਜਿਸ ਦਿਨ ਮੈਂ ਜੰਮਿਆਂ।ਜੇਕਰ ਮਰਨ ਡਰੋਂ ਸਿੱਖਣਾ ਬੰਦ ਕਰ ਦਿੰਦਾ, ਤਾਂ ਮੈਂ ਸਾਰੀ ਉਮਰ ਕੁਝ ਸਿੱਖਦਾ ਹੀ ਨਾਂ।ਪਰ ਮੇਰਾ 90-95 ਸਾਲ ਦਾ ਤਜਰਬਾ ਕਹਿੰਦਾ ਹੈ ਕਿ ਮੈਂ ਹੁਣ ਨੀਂ ਮਰਦਾ’।
ਫੇਰ ਬਜੁਰਗ ਨੇ ਸੁਆਮੀ ਨੂੰ ਪੁੱਛਿਆ, ‘ਤੁਹਾਡੀ ਉਮਰ ਕਿੰਨੀ ਹੈ’?
ਸੁਆਮੀ ਨੇ ਕਿਹਾ, ‘ਤੀਹ ਸਾਲ’।ਬਜੁਰਗ ਦਾ ਜੁਆਬ ਸੀ, ‘ ਅਫਸੋਸ ਦੀ ਗੱਲ ਹੈ ਕਿ ਤੀਹ ਸਾਲ ਦਾ ਬੰਦਾ ਮੌਤ ਬਾਰੇ ਸੋਚ ਰਿਹਾ ਹੈ।ਭਾਈ ਇਹ ਤਾਂ ਜਿੰਦਗੀ ਬਾਰੇ ਸੋਚਣ ਦੀ ਉਮਰ ਹੈ’।ਮੈਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਕਿਉਂ ਬੁੜਾ ਹੋ ਗਿਆ ਹੈ।ਸਾਰੇ ਧਰਮ ਮੌਤ ਦਾ ਡਰ ਦਿਖਾ ਦਿਖਾ ਕੇ ਬੰਦੇ ਨੂੰ ਮੂਰਖ ਬਣਾਈ ਰੱਖਦੇ ਹਨ।
ਪੰਨੂੰ ਬੁੜਾ ਮਹਿਸੂਸ ਕਰਨ ਜਾਂ ਸਮਝੇ ਜਾਣ ਤੋਂ ਨਾਬਰ ਹੈ।ਆਪਣੀ ਸਾਹਿਤਕ ਯਾਤਰਾ ਸਾਂਝੀ ਕਰਦਿਆਂ ਉਸ ਨੇ ਕਿਹਾ , ‘ਕੋਈ ਵੀ ਹੁਨਰ ਇੱਕ ਦਿਨ ਵਿੱਚ ਨਹੀਂ ਆ ਜਾਂਦਾ।ਇਸ ਨੂੰ ਪ੍ਰਵਾਨ ਚੜਨ ਲਈ ਸਮਾਂ ਲੱਗਦਾ ਹੈ।ਇਸ ਵਿੱਚ ਅਭਿਆਸ ਦੀ ਜਰੂਰਤ ਹੈ।ਲਿਖਣ ਦੀ ਚੇਟਕ ਮੈਨੂੰ ਸਕੂਲ ਵਿੱਚ ਲੱਗੀ ਸੀ।ਜਦੋਂ ਵੀ ਕੋਈ ਗੱਲ ਮੇਰੇ ਦਿਲ ਨੂੰ ਛੁਹਣੀ ਮੈਂ ਕਾਗਜ ਤੇ ਲਿਖ ਲੈਣੀ।ਇਹ 1962-63 ਦੀ ਗੱਲ ਹੈ।ਇੱਕ ਵਾਰ ਅਧਿਆਪਕ ਰਹੇ ਅਤੇ ਹਾਂਗਕਾਂਗ ਵਿੱਚ ਰਹਿੰਦੇ ਚਰਨਪਾਲ ਗਿੱਲ ਨੂੰ ਚਿੱਠੀ ਲਿਖੀ।ਉਸ ਨੂੰ ਮੇਰੀ ਸ਼ੈਲੀ ਬੜੀ ਚੰਗੀ ਲੱਗੀ।ਉਸ ਨੇ ਹੌਂਸਲਾ ਦਿੱਤਾ ਕਿ ਮੈਂ ਲਿਖਿਆਂ ਕਰਾਂ’।ਫਿਰ ਡਾਇਰੀਆਂ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਰਸ ਕੇ ਸਾਹਿਤਕਾਰੀ ਤੱਕ ਪਹੁੰਚ ਗਿਆ।
ਦੱਸਵੀਂ ਪਾਸ ਕਰਦਿਆ ਪੰਨੂੰ ਵਿਹਾਇਆ ਜਾਂਦਾ ਹੈ ਤੇ ਘਰ ਦੇ ਹੱਥ ਵਿੱਚ ਹਲ ਦੀ ਮੁੰਨੀ ਫੜਾ ਦਿੰਦੇ ਹਨ।ਉਹ ਬੋਤਾ ਵਾਹੁੰਦਾ, ਟਰੈਕਰ ਚਲਾਉਂਦਾ ਅਮਰੀਕਾ ਆ ਜਾਂਦਾ ਹੈ ਜਿੱਥੇ 30 ਸਾਲ ਟਰੱਕ ਨਾਲ ਸਾਰਾ ਮੁਲਕ ਗਾਹੁੰਦਾ ਹੈ।ਡਾਇਰੀਆ ਦਾ ਸਿਲਸਿਲਾ ਜਾਰੀ ਰਹਿੰਦਾ ਹੈ।ਉਸ ਦੇ ਕਹਿਣ ਮੁਤਾਬਿਕ ਉਸ ਕੋਲ 1951 ਤੋਂ ਲੈਕੇ ਹੁਣ ਤੱਕ ਦੀਆਂ ਡਾਇਰੀਆ ਹਨ, ਜਿੰਨਾਂ ਵਿੱਚ ਜਿੰਦਗੀ ਦੇ ਕੌੜੇ ਮਿੱਠੇ ਅਨੁਭਵ ਹਨ।ਜਿਉਂ ਹੀ ਟਰੱਕ ਦੀਆਂ ਚਾਬੀਆ ਜੁਆਕਾਂ ਨੂੰ ਸੰਭਾਈਆਂ, ਆਪ ਲਿਖਣ ਦਾ ਬੀੜਾ ਚੁੱਕ ਲਿਆ।ਕੰਮਪਿਊਟਰ ਤੇ ਪੰਜਾਬੀ ਦੀ ਟਾਈਪ ਸਿੱਖੀ।ਪਹਿਲਾਂ ਸਵੈ ਜੀਵਨੀ ਲਿਖੀ, ਫਿਰ ਇੱਕ ਹੋਰ ਕਿਤਾਬ ਦਾ ਖਰੜਾ ਤਿਆਰ ਕੀਤਾ ਤੇ ਛੇਕੜ ਨੂੰ ਇਹ ਨਾਵਲ।ਉਸ ਦੀ ਲਿਖਤ ਨੂੰ ਸੰਵਾਰਨ ਵਿੱਚ ਉਸ ਦੇ ਜਮਾਤੀ, ਦੋਸਤ ਅਤੇ ਰਿਸ਼ਤੇਦਾਰ ਕਹਾਣੀਕਾਰ ਕਰਮ ਸਿੰਘ ਮਾਨ ਦਾ ਵੀ ਨੁਮਾਇਆ ਰੋਲ ਹੈ।ਦਸਵੀਂ ਪੜੇ ਪੰਨੂੰ ਦਾ ਇਹ ਸਿਰੜ, ਕਾਲਜੀਂ ਪੜੇ ਹੋਰ ਪੰਜਾਬੀਆਂ ਨੂੰ ਵੀ ਉਕਸਾ ਸਕਦਾ ਹੈ, ਜਿੰਨਾਂ ਨੂੰ ਮੁਫਤ ਲੈ ਕੇ ਅਖਬਾਰ ਪੜਨਾ ਵੀ ਭਾਰੀ ਲੱਗਦਾ ਹੈ।
ਸਾਹਿਤ ਨੂੰ ਵਹਿੰਦੇ ਦਰਿਆ ਨਾਲ ਤੁਲਨਾਉਂਦਿਆਂ ਕਵੀ ਸੰਤੋਖ ਮਿਨਹਾਸ ਨੇ ਆਪਣੇ ਪਰਚੇ ਵਿੱਚ ਕਿਹਾ ਕਿ ਪੰਨੂੰ ਇਸ ਵਿੱਚ ਜਵਾਰਭਾਟੇ ਵਾਂਗ ਉਦੇ ਹੋਇਆ ਹੈ।ਦਰਜਨਾਂ ਜਿਉਂਦੇ ਜਾਗਦੇ ਪਾਤਰਾਂ ਦਾ ਗਲਪੀਕਰਣ ਕਰਕੇ ਪੰਨੂੰ ਨੇ ਇੱਕ ਪ੍ਰੋਢ ਰਚਨਾਕਾਰ ਦਾ ਸਬੂਤ ਦਿੱਤਾ ਹੈ।ਇਹ ਨਾਵਲ ਬੋਤਾ ਜੁੱਗ ਤੋਂ ਲੈ ਕੇ ਕਾਰ ਦਾ ਸਫਰ ਤਹਿ ਕਰਦਾ ਹੈ।ਯਥਾਰਥਵਾਦੀ ਆਦਰਸ਼ਵਾਦੀ ਨਜ਼ਰਈਏ ਤੋਂ ਲਿਖੇ ਇਸ ਨਾਵਲ ਵਿੱਚ, ਮੰਡੀ ਜੁੱਗ ਦੇ ਰਿਸ਼ਤਿਆ ਦੀ ਟੁੱਟ ਭੱਜ ਭੋਗਦੇ ਪਾਤਰਾਂ ਨੂੰ ਹਾਲਾਤ ਨਾਲ ਲੜਦੇ ਦਿਖਾਇਆ ਹੈ।ਇਸ ਵਿਚਲੀਆਂ ਘਟਨਾਵਾਂ ਪਾਠਕ ਦੀ ਕਾਇਆਕਲਪ ਵਿੱਚ ਸਹਾਈ ਹੋਣਗੀਆਂ।ਕਰਮ ਸਿੰਘ ਮਾਨ ਨੇ ਇਸ ਨੂੰ ਤਿੰਨ ਪੀੜੀਆਂ ਦਾ ਬਿਰਤਾਂਤ ਕਿਹਾ।ਨਾਵਲ ਦੇ ਟਿੱਪਣੀ ਕਰਦਿਆਂ ਸਾਧੂ ਸਿੰਘ ਸੰਘਾ ਨੇ ਬਾਕੀ ਦੰਪਤੀਆਂ ਲਈ ਪ੍ਰੇਰਣਾਦਾਇਕ ਨੁਕਤਾ ਸਾਝਾਂ ਕੀਤਾ ਕਿ ਇਹ ਨਾਵਲ ਉਨਾਂ ਮੀਆਂ ਬੀਵੀ ਨੇ ਇਕੱਠਿਆਂ ਪੜਿਆ ਹੈ।ਇਕੱਲੇ ਇਕੱਲੇ ਪਾਤਰ ਦੇ ਵਿਕਾਸ ਅਤੇ ਸੁਭਾਅ ਦੀ ਨਜ਼ਰਸਾਨੀ ਕਰਦਿਆਂ ਸਮਾਜਸੇਵੀ ਗੁਰਦੀਪ ਸਿੰਘ ਅਣਖੀ ਨੇ ਇਸ ਨੂੰ ਤਿੰਨ ਪੁਸ਼ਤਾਂ ਦੀ ਕਹਾਣੀ ਕਿਹਾ।
ਪੰਜਾਬੀ ਭਾਈਚਾਰੇ ਦੇ ਸੁਭਾਅ ਪੈੜ ਦੱਬਦਿਆਂ, ਚਿੰਤਕ ਤੇ ਕਵੀ ਡਾ. ਗੁਰੂਮੇਲ ਦਾ ਕਹਿਣਾ ਸੀ ਕਿ ਜ਼ਮੀਨ ਕਿਰਸਾਨੀ ਸੱਭਿਆਚਾਰ ਦਾ  ਕੇਂਦਰੀ ਬਿੰਦੂ ਹੈ ਜਿਸ ਚੋਂ ਖੁਸ਼ੀਆਂ ਤੇ ਕਲੇਸ਼ ਦੋਵੇਂ ਪੈਦਾ ਹੁੰਦੇ ਹਨ। ਇਸ ਨਾਵਲ ਵਿੱਚ ਇਨ੍ਹਾਂ  ਸੰਬੰਧਾਂ ਦੀਆਂ ਸੁਲਝਣਾਂ ਅਤੇ ਉਲਝਣਾਂ ਨੂੰ ਬਾਖੂਬੀ ਨਿਭਾਇਆ ਹੈ।ਨਾਵਲ ਦੇ ਮੁੱਖ ਥੀਮ ਚੋਂ ਕਿਰਸਾਣੀ ਪਰਿਵਾਰਾਂ ਦੀ ਈਰਖਾ ਦਾ ਇਜ਼ਹਾਰ ਬੜੀ ਮਾਰਮਿਕ ਭਾਸ਼ਾ ਵਿੱਚ ਹੋਇਆ ਹੈ। ਈਰਖਾ ਪੇਂਡੂ ਸੁਭਾ ਦਾ ਨਿਰਾਲਾ, ਪੁਖਤਾ ਅਤੇ ਸਰਭਵਿਆਪਕ ਪੱਖ ਹੈ। ਪੰਜਾਬੀਆਂ ਵਿੱਚ ਹਸਦ ਨਾਲੋਂ ਈਰਖਾਲੂ ਅੰਸ਼ ਵਧੇਰੇ ਹੈ। ਲੇਖਕ ਨੇ ਈਰਖਾਲੂ ਪੱਖ ਨੂੰ ‘ਲੱਸੀ ਦੇ ਛਿੱਟੇ’ ਦੇ ਅਲੰਕਾਰ ਰਾਹੀਂ ਚਿੱਤਰਣ ਦੀ ਕੋਸ਼ਿਸ ਕੀਤੀ ਹੈ।
ਸ਼ਬਦ ਦੀ ਮਹਿਮਾ ਬਾਰੇ ਬੋਲਦਿਆਂ ਕਵੀ ਹਰਜਿੰਦਰ ਕੰਗ ਦਾ ਕਹਿਣਾ ਸੀ ਕਿ ਇਸ ਨਾਲ ਜੁੜ ਕੇ ਅੰਦਰ ਤੇ ਬਾਹਰ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।ਇਹ ਨਵੇਂ ਰਾਹ ਖੋਲਦਾ ਹੈ ਅਤੇ ਦ੍ਰਿਸ਼ਟੀ ਵਿਸ਼ਾਲ ਕਰਦਾ ਹੈ।ਕਵਿਤਾ ਜੇ ਤੁੱਪਕੇ ਵਿੱਚ ਲੁਕੇ ਸਮੁੰਦਰ ਦੀ ਗੱਲ ਕਰਦੀ ਹੈ ਤਾਂ ਨਾਵਲ ਸਮੁੰਦਰ ਵਿਚਲੇ ਤੁਪਕਿਆਂ (ਕਿਰਦਾਰਾਂ) ਦੇ ਪਾਸਾਰ ਪਾਠਕ ਅੱਗੇ ਖੋਲਦਾ ਹੈ।ਉਸ ਨੇ ਦੇਰ ਸਹੀ, ਆਪਣੇ ਪਲੇਠੇ ਨਾਵਲ ਨਾਲ ਸਾਹਿਤਕ ਕਾਫਲੇ ਸੰਗ ਰਲਣ ਤੇ ਹਰਾਨਮ ਸਿੰਘ ਪੰਨੂੰ ਨੂੰ ਜੀÀ ਆਇਆ ਆਖਿਆ।
ਨਾਵਲ ਦੇ ਲੋਕ ਅਰਪਣ ਉਪਰੰਤ ਕਵਿਤਾ ਪਾਠ ਤੇ ਚਰਚਾ ਵਿੱਚ ਭਾਗ ਲੈਣ ਵਿੱਚ ਗੁੱਡੀ ਸਿੱਧੂ, ਪਿਸ਼ੌਰਾ ਸਿੰਘ ਢਿਲੋਂ, ਮਲਕੀਤ ਕਿੰਗਰਾ, ਦੇਵ ਰਾਊਕੇ, ਸੁੱਖੀ ਧਾਲੀਵਾਲ, ਕਮਲਜੀਤ ਬੈਨੀਪਾਲ, ਮਹਿੰਦਰ ਢਾਅ,ਸੁਰਿੰਦਰ ਮੰਡਾਲੀ, ਨਵਦੀਪ ਧਾਲੀਵਾਲ, ਤਾਰਾ ਸਾਗਰ, ਅਸ਼ਰਫ ਗਿੱਲ, ਹਰਜਿੰਦਰ ਢੇਸੀ, ਦਲਜੀਤ ਰਿਆੜ, ਅਜੇ ਤਨਵੀਰ ਅਤੇ ਅਵਤਾਰ ਗੋਂਦਾਰਾ ਸ਼ਾਮਿਲ ਸਨ।

Be the first to comment

Leave a Reply