ਡਾਟਾ ਲੀਕ: ‘ਮੇਰਾ ਨਾਂ ਮੋਦੀ’ ਦੇ ਜਵਾਬ ‘ਚ ਹੁਣ ‘ਮੇਰਾ ਨਾਂ ਰਾਹੁਲ’

ਨਵੀਂ ਦਿੱਲੀ— ਫੇਸਬੁੱਕ ਡਾਟਾ ਲੀਕ ‘ਤੇ ਵਿਵਾਦ ਦਰਮਿਆਨ ਭਾਜਪਾ ਅਤੇ ਕਾਂਗਰਸ ‘ਚ ਟਵਿੱਟਰ ਵਾਰ ਛਿੜ ਗਿਆ ਹੈ। ਦੋਹਾਂ ਹੀ ਮੁੱਖ ਪਾਰਟੀਆਂ ਨੇ ਇਕ-ਦੂਜੇ ‘ਤੇ ਜਨਤਾ ਦੀਆਂ ਜਾਣਕਾਰੀਆਂ ਨੂੰ ਬਿਨਾਂ ਦੱਸੇ ਸ਼ੇਅਰ ਕਰਨ ਦੇ ਦੋਸ਼ ਲਗਾਏ ਹਨ। ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਨਮੋ ਐਪ ਦੇ ਸਹਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਸੀ। ਭਾਜਪਾ ਨੇ ਉਂਝ ਤਾਂ ਕੁਝ ਦੇਰ ‘ਚ ਹੀ ਪਲਟਵਾਰ ਕਰ ਦਿੱਤਾ ਸੀ ਪਰ ਉਸੇ ਸਟਾਈਲ ‘ਚ ਪਾਰਟੀ ਵੱਲੋਂ ਪੂਰੀ ਰਿਸਰਚ ਨਾਲ ਸੋਮਵਾਰ ਦੀ ਸਵੇਰ ਟਵੀਟ ਕੀਤਾ ਗਿਆ। ਭਾਜਪਾ ਦੀ ਆਈ.ਟੀ. ਟੀਮ ਦੇ ਹੈੱਡ ਅਮਿਤ ਮਾਲਵੀਏ ਨੇ ਟਵੀਟ ਕੀਤਾ,”Hi! ਮੇਰਾ ਨਾਂ ਰਾਹੁਲ ਗਾਂਧੀ ਹੈ। ਮੈਂ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਪ੍ਰਧਾਨ ਹਾਂ। ਜਦੋਂ ਤੁਸੀਂ ਸਾਡੇ ਅਧਿਕਾਰਤ ਐਪ ‘ਚ ਸਾਈਨਅੱਪ ਕਰਦੇ ਹੋ ਤਾਂ ਮੈਂ ਤੁਹਾਡੇ ਸਾਰੇ ਡਾਟਾ ਨੂੰ ਸਿੰਗਾਪੁਰ ‘ਚ ਆਪਣੇ ਦੋਸਤਾਂ ਨੂੰ ਦੇ ਦਿੰਦਾ ਹਾਂ।” ਇੰਨਾ ਹੀ ਨਹੀਂ, ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਪਾਰਟੀ ਦਾ ਇਕ ਕਦਮ ਅੱਗੇ ਵਧ ਕੇ ਤੁਹਾਡੇ ਡਾਟੇ ਨੂੰ ਕਿਸੇ ਵੀ ਅਣਜਾਣ ਸ਼ਖਸ ਨੂੰ ਦੇ ਸਕਦੀ ਹੈ, ਇਸ ‘ਚ ਅਣਪਛਾਤੇ ਵੈਂਡਰਜ਼, ਅਣਪਛਾਤੇ ਵਾਲੰਟੀਅਰਜ਼ ਅਤੇ ਅਜਿਹੇ ਹੀ ਕਿਸੇ ਸਮੂਹ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਅਮਿਤ ਮਾਲਵੀਏ ਨੇ ਆਪਣੀਆਂ ਗੱਲਾਂ ਨੂੰ ਪੂਰਾ ਕਰਨ ਲਈ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।