ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਕੌਸ਼ਲ ਕੁਮਾਰ ਦੀ ਮ੍ਰਿਤਕ ਦੇਹ ਦੁਬਈ ਤੋਂ ਵਤਨ ਪੁੱਜੀ

ਅੰਮਿ੍ਤਸਰ – ਦੁਬਈ ‘ਚ ਆਪਣੀ ਜਾਨ ਗੁਵਾ ਬੈਠੇ ਜਲੰਧਰ ਸ਼ਹਿਰ ਨਾਲ ਸਬੰਧਿਤ 30 ਸਾਲਾ ਕੌਸ਼ਲ ਕੁਮਾਰ ਪੁੱਤਰ ਕਸ਼ਮੀਰੀ ਲਾਲ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਦੱਸਣਯੋਗ ਹੈ ਕਿ ਕੌਸ਼ਲ ਕੁਮਾਰ ਦੇ ਮਾਪਿਆਂ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੂੰ ਉਸ ਦੇ ਵੱਡੇ ਅੰਗਹੀਣ ਭਰਾ ਨੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪਾਲਿਆ ਸੀ, ਕੌਸ਼ਲ ਪਿਛਲੇ ਕੁਝ ਵਰਿਆਂ ਤੋਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਬੀਤੀ 8 ਸਤੰਬਰ ਨੂੰ ਅਚਾਨਕ ਉਸ ਦੀ ਮੌਤ ਹੋ ਗਈ ਸੀ । ਜਦ ਪਰਿਵਾਰ ਨੂੰ ਦੁਬਈ ਤੋਂ ਕੰਪਨੀ ਵੱਲੋਂ ਆਏ ਫ਼ੌਨ ਰਾਹੀਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਉਨਾਂ ਨੂੰ ਆਪਣੀ ਪਤਲੀ ਆਰਥਿਕ ਹਾਲਾਤ ਦਾ ਵਸਤਾ ਪਾਉਂਦਿਆ ਕੌਸ਼ਲ ਦੀ ਮਿ੍ਤਕ ਦੇਹ ਭਾਰਤ ਮੰਗਵਾਉਣ ਦੀ ਅਰਜੋਈ ਕੀਤੀ ਸੀ,ਜਿਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਡਾ.ਐਸ.ਪੀ.ਸਿੰਘ ਓਬਰਾਏ ਨਾਲ ਰਾਬਤਾ ਕਰ ਕੇ ਉਕਤ ਨੌਜਵਾਨ ਦੀ ਮਿ੍ਤਕ ਦੇਹ ਭਾਰਤ ਭੇਜਣ ਲਈ ਉਨਾਂ ਨੂੰ ਬੇਨਤੀ ਕੀਤੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ.ਓਬਰਾਏ ਤੇ ਉਨਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ । ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਗਟ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ,ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਤੇ ਨਵਜੀਤ ਸਿੰਘ ਘਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 73 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਉਨਾਂ ਇਹ ਵੀ ਦੱਸਿਆ ਕਿ ਕੌਸ਼ਲ ਸ਼ਰਮਾ ਦੀ ਮ੍ਤਿਕ ਦੇਹ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੇ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਏਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮਿ੍ਤਕ ਦੇ ਭਰਾ ਰਮਨ ਕੁਮਾਰ,ਮਮੇਰੇ ਭਰਾ ਅਮਨੀਸ਼ ਸ਼ਰਮਾ,ਪਵਨ ਕੁਮਾਰ,ਸ਼ੁਭਮ ਜੋਸ਼ੀ ਤੇ ਮਾਮੇ ਸੋਮ ਨਾਥ ਆਦਿ ਨੇ ਦੱਸਿਆ ਕਿ ਕੌਸ਼ਲ ਕੁਮਾਰ ਨੇ ਕੁਝ ਦਿਨ ਪਹਿਲਾਂ ਉਨਾਂ ਨੂੰ ਫ਼ੌਨ ਤੇ ਦੱਸਿਆ ਸੀ ਕਿ ਪੰਜਾਬ ਤੋਂ ਕੁਝ ਵਿਅਕਤੀ ਉਸ ਨੂੰ ਫ਼ੌਨ ਤੇ ਧਮਕਾ ਤੇ ਪੇ੍ਸ਼ਾਨ ਕਰ ਰਹੇ ਹਨ,ਜਿਸ ਕਰਕੇ ਉਹ ਬਹੁਤ ਡਾਵਾਂਡੋਲ ਹੈ,ਪਰਿਵਾਰਕ ਮੈਂਬਰਾਂ ਅਨੁਸਾਰ ਉਹ ਏਸੇ ਪੇ੍ਸ਼ਾਨੀ ਦੇ ਵੱਧਦਿਆਂ ਵਾਪਸ ਆਉਣ ਦੀ ਵੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਬੀਤੇ ਦਿਨੀਂ ਉਸ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਉਨਾਂ ਨੂੰ ਮਿਲੀ। ਇਸ ਮੌਕੇ ਉਨਾਂ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਵੇਖਿਆ ਹੈ ਜੋ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ, ਉਨਾਂ ਨਮ ਅੱਖਾਂ ਨਾਲ ਦੱਸਿਆ ਕਿ ਸ. ਓਬਰਾਏ ਤਾਂ ਉਨਾਂ ਲਈ ਰੱਬ ਬਣ ਬਹੁੜੇ ਹਨ ਅਤੇ ਜੇਕਰ ਉਹ ਉਨਾਂ ਦੀ ਮਦਦ ਨਾ ਕਰਦੇ ਤਾਂ ਉਹ ਕਦੇ ਵੀ ਕੌਸ਼ਲ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ। ਉਨਾਂ ਇਹ ਵੀ ਕਿਹਾ ਕਿ ਉਨਾਂ ਦਾ ਪਰਿਵਾਰ ਡਾ.ਓਬਰਾਏ ਦੇ ਇਸ ਪਰਉਪਕਾਰ ਲਈ ਉਨਾਂ ਦਾ ਪੂਰੀ ਜ਼ਿੰਦਗੀ ਰਿਣੀ ਰਹੇਗਾ। ਇਸ ਮੌਕੇ ਪਰਮਿੰਦਰ ਸਿੰਘ ਸੰਧੂ ਆਦਿ ਵੀ ਹਾਜਰ ਸਨ ।