ਡਾ. ਕਮਲ ਹੋਥੀ ਨੂੰ ਪਿ੍ੰਸ ਚਰਲਸ ਨੇ ਸ਼ਾਹੀ ਸਨਮਾਨ ਓ.ਬੀ.ਈ. ਨਾਲ ਕੀਤਾ ਸਨਮਾਨਿਤ

ਸਿਟੀ ਸਿੱਖਸ ਸੰਸਥਾ ਦੇ ਸਲਾਹਕਾਰ ਬੋਰਡ ਦੀ ਮੈਂਬਰ ਡਾ. ਕਮਲ ਹੋਥੀ ਨੂੰ ਇਸ ਵਰ੍ਹੇ ਸ਼ਾਹੀ ਸਨਮਾਨ ਲਈ ਚੁਣਿਆ ਗਿਆ ਸੀ | ਜਿਨ੍ਹਾਂ ਨੂੰ ਬੀਤੇ ਦਿਨੀ ਬਕਿੰਘਮ ਪੈਲਿਸ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪਿ੍ੰਸ ਚਾਰਲਸ ਵਲੋਂ ਓ. ਬੀ. ਈ. ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ | ਬੀਬੀ ਹੋਥੀ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਬੈਂਕਿੰਗ ਖੇਤਰ ਵਿਚ ਪਾਏ ਯੋਗਦਾਨ ਬਦਲੇ ਦਿੱਤਾ ਗਿਆ | ਸਿਟੀ ਸਿੱਖਸ ਦੇ ਬਰਤਾਨੀਆਂ ਭਰ ਵਿਚ 6000 ਤੋਂ ਵੱਧ ਮੈਂਬਰ ਹਨ ਅਤੇ ਯੂ.ਕੇ. ਦੇ ਪ੍ਰਗਤੀਸ਼ੀਲ ਸਿੱਖਾਂ ਦੀ ਇੱਕ ਆਵਾਜ਼ ਹੈ, ਜੋ ਕਈ ਅਹਿਮ ਪ੍ਰਾਜੈਕਟਾਂ ‘ਚ ਸ਼ਾਮਿਲ ਹੈ | ਡਾ. ਕਮਲ ਹੋਥੀ ਨੇ ਕਿਹਾ ਕਿ ਇਹ ਸ਼ਾਨਦਾਰ ਦਿਨ ਸੀ, ਬਰਤਾਨਵੀ ਔਰਤਾਂ ਲਈ ਮਹੱਤਵਪੂਰਨ ਸਾਲ ਵਿਚ ਇਹ ਸਨਮਾਨ ਪ੍ਰਾਪਤ ਕਰਨਾ ਸਭ ਤੋਂ ਵੱਧ ਯਾਦਗਾਰੀ ਤੇ ਖਾਸ ਹੈ | ਮੇਰੇ ਪਹਿਲੀ ਏਸ਼ੀਅਨ ਬੈਂਕ ਮੈਨੇਜ਼ਰ ਬਣਨ ਤੋਂ ਲੈ ਕੇ ਹੁਣ ਤੱਕ ਬੀਤੇ 4 ਦਹਾਕਿਆਂ ਦੌਰਾਨ ਕੀਤੇ ਸੰਘਰਸ਼ ਦੌਰਾਨ ਬਹੁਤ ਕੁਝ ਸੁਧਾਰਿਆ ਹੈ | ਜਦ ਕਿ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ | ਸਿਟੀ ਸਿਖਸ ਦੇ ਚੇਅਰ ਜਸਵੀਰ ਸਿੰਘ ਓ ਬੀ ਈ ਨੇ ਕਿਹਾ ਕਿ ਕਮਲ ਹੋਥੀ ਸਾਡੇ ਸਾਰਿਆਂ ਲਈ ਰੋਲ ਮਾਡਲ ਹੈ | ਜ਼ਿਕਰਯੋਗ ਹੈ ਕਿ ਡਾ: ਕਮਲ ਹੋਥੀ 6 ਸਾਲ ਦੀ ਉਮਰ ‘ਚ ਭਾਰਤ ਤੋਂ ਯੂ.ਕੇ. ਦੇ ਸ਼ਹਿਰ ਸਲੋਹ ਵਿਖੇ ਆਪਣੇ ਪਰਿਵਾਰ ਨਾਲ ਆਈ ਸੀ, ਜਿਸ ਨੇ ਸਕੂਲੀ ਪੜ੍ਹਾਈ ਤੋਂ ਬਾਅਦ ਟੀ ਐਸ ਬੀ ਬੈਂਕ ਵਿਚ ਖਜ਼ਾਨਚੀ ਦੀ ਨੌਕਰੀ ਸ਼ੁਰੂ ਕੀਤੀ ਅਤੇ ਬਾਅਦ ਵਿਚ ਆਪਣੀ ਕਾਬਲੀਅਤ ਨਾਲ ਯੂ.ਕੇ. ਦੀ ਪਹਿਲੀ ਮਹਿਲਾ ਏਸ਼ੀਅਨ ਬੈਂਕ ਮੈਨੇਜਰ ਬਣੀ |